ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 8 ਮਈ
ਚਾਂਸਲਰ ਬਾਬਾ ਸਰਵਣ ਸਿੰਘ ਤੇ ਵਾਈਸ ਚਾਂਸਲਰ ਪ੍ਰੋ. ਡਾ. ਧਰਮਜੀਤ ਸਿੰਘ ਪਰਮਾਰ ਦੀ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਪੰਜਵੀਂ ਆਲ ਇੰਡੀਆ ਅੰਤਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਕਰਵਾਈ ਗਈ। ਗਤਕਾ ਚੈਂਪੀਅਨਸ਼ਿਪ ਸੈਕਟਰੀ ਹਰਦਮਨ ਸਿੰਘ, ਮੈਨੇਜਮੇਂਟ ਕਮੇਟੀ ਮੈਂਬਰਾਂ ਅਤੇ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਅਤੇ ਬਾਬਾ ਹੀਰਾ ਸਿੰਘ ਖਾਲਸਾ ਅਲਾਵਲੀਸਾ ਦੁਆਰਾ ਸਾਂਝੇ ਰੂਪ ਵਿੱਚ ਕਰਵਾਈ ਗਈ। ਇਸ ਵਿਚ ਪੂਰੇ ਭਾਰਤ ਦੀਆਂ ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਭਾਗ ਲਿਆ। ਚਾਰ ਰੋਜ਼ਾ ਚੈਂਪੀਅਨਸ਼ਿਪ ਵਿਚ ਓਵਰ ਆਲ ਲੜਕਿਆਂ ’ਚੋਂ ਪਹਿਲੇ ਸਥਾਨ ਉਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਦੂਜੇ ਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ, ਤੀਜੇ ਸਥਾਨ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੱਲ ਮਾਰੀ। ਇਸੇ ਤਰ੍ਹਾਂ ਲੜਕੀਆਂ ’ਚੋਂ ਪਹਿਲੇ ਸਥਾਨ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਦੂਸਰੇ ਉੱਤੇ ਜੰਮੂ ਯੂਨੀਵਰਸਿਟੀ ਆਫ ਜੰਮੂ, ਤੀਜੇ ਸਥਾਨ ਉੱਤੇ ਚੰਡੀਗੜ੍ਹ ਯੂਨੀਵਰਸਿਟੀ ਆਫ ਮੁਹਾਲੀ ਰਹੀ।