ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 22 ਜੁਲਾਈ
ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਕਾਂਗਰਸੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਹਿਤ ਵਿਚਾਰ ਸਾਂਝੇ ਕੀਤੇ ਗਏ। ਸੀਨੀਅਰ ਕਾਂਗਰਸੀ ਆਗੂ ਮੰਗੂਪੁਰ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਇਸ ਅਕਾਦਮਿਕ ਸਾਲ ਦੌਰਾਨ ਵਿਦਿਆਰਥੀਆਂ ਦੇ ਦਾਖ਼ਲੇ ਘਟਣ ਤੋਂ ਸਿੱਧ ਹੁੰਦਾ ਹੈ ਕਿ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ਼ ਘਟਿਆ ਹੈ, ਜਿਸ ਦੇ ਸਿੱਟੇ ਵਜੋਂ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਜੋਰ-ਸ਼ੋਰ ਨਾਲ ਪ੍ਰਚਾਰਿਆ ਗਿਆ ਦਿੱਲੀ ਮਾਡਲ ਬੁਰੀ ਤਰ੍ਹਾਂ ਫਲਾਪ ਹੋ ਚੁੱਕਾ ਹੈ। ਚੌਧਰੀ ਮੰਗੂਪੁਰ ਨੇ ਕਿਹਾ ਕਿ ਬਲਾਚੌਰ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਰਕਰਾਂ ਨਾਲ ਉਹ ਡਟ ਕੇ ਖੜ੍ਹੇ ਹਨ ਅਤੇ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਹਰਜੀਤ ਸਿੰਘ ਜਾਡਲੀ, ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਟਿੰਕੂ ਘਈ, ਰਾਜਿੰਦਰ ਸਿੰਘ ਸ਼ਿੰਦੀ, ਧਰਮਪਾਲ ਭਰਥਲਾ, ਤਿਲਕ ਰਾਜ ਸੂਦ, ਬਲਜਿੰਦਰ ਸਿੰਘ ਸਰਪੰਚ ਮਾਣੇਵਾਲ. ਰਿੱਕੀ ਬਜਾਜ ਅਤੇ ਹੀਰਾ ਖੇਪੜ ਆਦਿ ਪਤਵੰਤਿਆਂ ਨੇ ਵੀ ਵਿਚਾਰ ਸਾਂਝੇ ਕੀਤੇ।