ਪਾਲ ਸਿੰਘ ਨੌਲੀ
ਜਲੰਧਰ, 2 ਦਸੰਬਰ
ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਰੋਡਵੇਜ਼ ਦੇ ਡਿੱਪੂ ਨੰਬਰ ਦੋ ’ਤੇ ਗੇਟ ਰੈਲੀ ਕੀਤੀ ਗਈ। ਜਥੇਬੰਦੀ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਸਲਵਿੰਦਰ ਕੁਮਾਰ ਤੇ ਦਵਿੰਦਰਪਾਲ ਸਿੰਘ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਰੋਡਵੇਜ਼ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਆਪਣੇ ਐਲਾਨੇ ਸਖਤ ਐਕਸ਼ਨਾਂ ’ਤੇ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਟਰਾਂਸਪੋਰਟ ਅਫਸਰਾਂ ਦੀ ਹੋਈ ਮੀਟਿੰਗ ਵਿੱਚ ਵੀ ਮੰਗਾਂ ਸਬੰਧੀ ਕੋਈ ਫੈਸਲਾ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਕਿ 15 ਦਸੰਬਰ ਨੂੰ ਸੂਬੇ ਦੇ ਸਾਰੇ 18 ਡਿਪੂਆਂ ’ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ ਜੇਕਰ ਫਿਰ ਵੀ ਸਰਕਾਰ ’ਤੇ ਕੰਨਾਂ ’ਤੇ ਜੂੰ ਨਾ ਸਰਕੀ ਤਾਂ 16 ਦਸੰਬਰ ਨੂੰ ਟਰਾਂਸਪੋਰਟ ਮੰਤਰੀ ਦੇ ਹਲਕੇ ਮਾਲੇਰਕੋਟਲਾ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ। ਜਥੇਬੰਦੀ ਨੇ ਪੰਜਾਬ ਰੋਡਵੇਜ਼ ਦੇ ਪੀਆਰਟੀਸੀ ਵਿੱਚ ਰਲੇਵਾਂ ਕਰਨ ਦੀ ਤਜਵੀਜ਼ ਦਾ ਵਿਰੋਧ ਵੀ ਕੀਤਾ। ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੇ ਫੈਸਲਿਆਂ ਨੂੰ ਰੱਦ ਕਰਨ ਲਈ ਜਥੇਬੰਦੀ ਪਹਿਲਾਂ ਵੀ 26 ਨਵੰਬਰ ਨੂੰ ਸਫਲਤਾ ਪੂਰਬਕ ਹੜਤਾਲ ਕਰ ਚੁੱਕੀ ਹੈ ਤੇ ਭਵਿੱਖ ਵਿਚ ਵੀ ਇਸ ਕਮੇਟੀ ਦੀਆਂ ਸਿਫਾਰਸ਼ਾਂ ਦਾ ਵਿਰੋਧ ਜਾਰੀ ਰਹੇਗਾ। ਰੈਲੀ ਨੂੰ ਜਸਵੰਤ ਸਿੰਘ, ਸਤਪਾਲ ਸਿੰਘ, ਜਗੀਰ ਸਿੰਘ, ਗੁਰਜੀਤ ਸਿੰਘ, ਹਰਿੰਦਰ ਸਿੰਘ ਚੀਮਾ, ਪਰਮਜੀਤ ਸਿੰਘ, ਰਮਨ ਕੁਮਾਰ, ਸੁਰੇਸ਼ ਕੁਮਾਰ, ਰੂਪ ਲਾਲ ਤੇ ਹੋਰ ਮੁਲਾਜ਼ਮ ਆਗੂਆਂ ਨੇ ਵੀ ਸੰਬੋਧਨ ਕੀਤਾ।
ਪਠਾਨਕੋਟ (ਐਨੱਪੀ ਧਵਨ): ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੀ ਆੜ ਵਿੱਚ ਲਏ ਜਾ ਰਹੇ ਮੁਲਾਜ਼ਮ ਵਿਰੋਧੀ ਫੈਸਲਿਆਂ ਖ਼ਿਲਾਫ਼ ਅੱਜ ਪੰਜਾਬ ਰੋਡਵੇਜ਼, ਪਨਬੱਸ ਅਤੇ ਐਕਸ਼ਨ ਕਮੇਟੀ ਵੱਲੋਂ ਇੱਥੇ ਰੋਡਵੇਜ਼ ਡਿੱਪੂ ਅੱਗੇ ਗੇਟ ਰੈਲੀ ਕੀਤੀ ਗਈ। ਗੇਟ ਰੈਲੀ ਵਿੱਚ ਰੋਡਵੇਜ਼ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕਬਾਲ ਸਿੰਘ, ਸੁਖਜਿੰਦਰ ਸਿੰਘ, ਜੀਵਨ ਵਰਮਾ, ਲਖਵਿੰਦਰ ਸਿੰਘ ਅਤੇ ਅਪਰਿੰਦਰ ਸਿੰਘ ਨੇ ਸੰਬੋਧਨ ਕੀਤਾ। ਸਮੂਹ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਮਹਾਮਾਰੀ ਦੀ ਆੜ ਵਿੱਚ ਪੀਆਰਟੀਸੀ ਵਿੱਚ ਰੋਡਵੇਜ਼ ਨੂੰ ਮਰਜ ਕਰਨ ਜਾ ਰਹੀ ਹੈ ਜਿਸ ਨੂੰ ਰੋਡਵੇਜ਼ ਮੁਲਾਜ਼ਮ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਿਥੇ ਅੱਜ ਪੂਰਾ ਦੇਸ਼ ਕਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ ਉੱਥੇ ਰੋਡਵੇਜ਼ ਮੁਲਾਜ਼ਮ ਵੀ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਡਿਊਟੀ ਦੇ ਰਹੇ ਹਨ ਪਰ ਸਰਕਾਰ ਇਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਮੁਲਾਜ਼ਮ ਵਿਰੋਧੀ ਫੈਸਲੇ ਲੈ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਨੇ ਜੇਕਰ ਜਲਦੀ ਹੀ ਮੁਲਾਜ਼ਮਾਂ ਦੀ ਮੰਗਾਂ ਤੇ ਧਿਆਨ ਨਾ ਦਿੱਤਾ ਤਾਂ ਪੰਜਾਬ ਦੇ ਸਾਰੇ 18 ਡਿਪੂਆਂ ਵਿੱਚ ਕੰਮ-ਕਾਜ ਬੰਦ ਕਰ ਦਿੱਤਾ ਜਾਵੇਗਾ।