ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਅਪਰੈਲ
ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਪਨਬੱਸ ਅਤੇ ਪੀਆਰਟੀਸੀ ਦੇ 27 ਡਿਪੂਆਂ ’ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਜਲੰਧਰ ਦੇ ਡਿਪੂ ਨੰਬਰ ਦੋ ਦੇ ਗੇਟ ’ਤੇ ਬੋਲਦਿਆਂ ਪਨਬੱਸ ਡਿਪੂ ਜਲੰਧਰ-2 ਦੇ ਜਨਰਲ ਸਕੱਤਰ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਸਫਰ ਸਹੂਲਤਾਂ ਦੇਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਪਰ ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਵਾਅਦਾ-ਖ਼ਿਲਾਫੀ ਦੇ ਵੀ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਕਾਰਨ 50 ਫੀਸਦੀ ਸਵਾਰੀ ਦੇ ਆਦੇਸ਼ਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਪੰਜਾਬ ਭਵਨ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਯੂਨੀਅਨ ਵੱਲੋਂ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ ਸੀ। ਪੀਆਰਟੀਸੀ ਦੇ ਐੱਮਡੀ ਵੱਲੋਂ 27 ਅਪਰੈਲ ਨੂੰ ਪਟਿਆਲੇ ਵਿੱਚ ਮੀਟਿੰਗ ਕਰਕੇ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਭਰੋਸਿਆਂ ਤੋਂ ਬਾਅਦ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ 26 ਅਪਰੈਲ ਨੂੰ ਪੰਜਾਬ ਦੇ ਬੱਸ ਅੱਡੇ ਬੰਦ ਕਰਨ ਅਤੇ ਸਰਕਾਰ ਦੇ ਪੁਤਲਾ ਫੂਕਣ ਦੇ ਪ੍ਰੋਗਰਾਮ ਨੂੰ 27 ਅਪਰੈਲ ਤੱਕ ਮੁਲਤਵੀ ਕਰ ਦਿੱਤਾ ਹੈ।
ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸਥਾਨਕ ਡਿਪੂ ਇਕਾਈ ਵੱਲੋਂ ਅੱਜ ਇਥੇ ਸਰਕਾਰ ਖਿਲਾਫ਼ ਗੇਟ ਰੈਲੀ ਕੀਤੀ ਗਈ ਅਤੇ ਬੱਸਾਂ ਦਾ ਫਲੀਟ ਪੂਰਾ ਕਰਨ ਅਤੇ ਕੰਡਕਟਰਾਂ-ਡਰਾਈਵਰਾਂ ਦੀ ਤੁਰੰਤ ਭਰਤੀ ਕੀਤੇ ਜਾਣ ਦੀ ਮੰਗ ਕੀਤੀ| ਇਸ ਮੌਕੇ ਜਥੇਬੰਦੀ ਦੇ ਆਗੂ ਅਵਤਾਰ ਸਿੰਘ, ਸਤਨਾਮ ਸਿੰਘ, ਦਲਵਿੰਦਰ ਸਿੰਘ ਨੇ ਸੰਬੋਧਨ ਕੀਤਾ।