ਪਾਲ ਸਿੰਘ ਨੌਲੀ
ਜਲੰਧਰ, 27 ਜੁਲਾਈ
ਸਮਾਰਟ ਸਿਟੀ ਵਜੋਂ ਜਾਣਿਆ ਜਾਂਦਾ ਜਲੰਧਰ ਸ਼ਹਿਰ ਇਨੀਂ ਦਿਨੀਂ ਕੂੜੇ ਦੇ ਹਰ ਪਾਸੇ ਲੱਗੇ ਢੇਰਾਂ ਕਾਰਨ ਚਰਚਾ ਵਿੱਚ ਹੈ। ਨਗਰ ਨਿਗਮ ’ਤੇ ਕਾਬਜ਼ ਕਾਂਗਰਸ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਦੱਸਣਾ ਪੈ ਰਿਹਾ ਹੈ ਕਿ ਕਿਵੇਂ ਆਰਥਿਕ ਸੰਕਟ ਵਿੱਚੋਂ ਲੰਘ ਰਹੀ ਕਾਂਗਰਸ ਪਾਰਟੀ ਸ਼ਹਿਰ ਦੇ ਲੋਕਾਂ ਲਈ ਔਖੇ ਸਮਿਆਂ ਵਿੱਚ ਵੀ ਕੰਮ ਕਰ ਰਹੀ ਹੈ। ਪਿਛਲੇ ਕਈ ਦਿਨ ਤੋਂ ਕੂੜਾ ਚੱਕਣ ਵਾਲੀਆਂ ਗੱਡੀਆਂ ਦਾ ਡੀਜ਼ਲ ਮੁੱਕਿਆ ਹੋਣ ਕਾਰਨ ਕੂੜਾ ਨਹੀਂ ਚੁੱਕਿਆ ਜਾ ਰਿਹਾ ਹੈ। ਅੱਜ ਵੀ ਨਗਰ ਨਿਗਮ ਦਾ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਡੀਜ਼ਲ ਨਹੀਂ ਮਿਲਿਆ, ਜਿਸ ਕਾਰਨ ਸ਼ਹਿਰ ਦੇ ਲਗਪਗ ਸਾਰੇ ਡੰਪ ਕੂੜੇ ਨਾਲ ਭਰ ਗਏ ਅਤੇ ਕੂੜਾ ਸੜਕਾਂ ’ਤੇ ਫੈਲ ਗਿਆ। ਮੀਂਹ ਦੌਰਾਨ ਕੂੜੇ ਦੇ ਢੇਰਾਂ ਕਾਰਨ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਸ਼ਹਿਰ ਦੇ ਐਨ ਵਿਚਕਾਰ ਪਲਾਜ਼ਾ ਚੌਕ, ਪ੍ਰਤਾਪ ਬਾਗ਼ ਚੌਕ ਤੇ ਨਕੋਦਰ ਰੋਡ ’ਤੇ ਸਕੂਲ ਦੇ ਬਾਹਰ ਬਣੇ ਡੰਪ ’ਤੇ ਸਭ ਤੋਂ ਵੱਧ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਨਗਰ ਨਿਗਮ ਦੇ ਅਧਿਕਾਰੀ ਅੱਜ ਸਾਰਾ ਦਿਨ ਪੈਸਿਆਂ ਦਾ ਜੁਗਾੜ ਕਰਨ ਵਿੱਚ ਲੱਗੇ ਰਹੇ। ਉਧਰ, ਪੈਟਰੋਲ ਪੰਪ ਨੂੰ ਪਿਛਲੀ ਅਦਾਇਗੀ ਨਾ ਹੋਣ ਕਾਰਨ ਪੰਪ ਮਾਲਕ ਨੇ ਅੱਜ ਨਗਰ ਨਿਗਮ ਦੀਆਂ ਗੱਡੀਆਂ ਵਿੱਚ ਡੀਜ਼ਲ ਭਰਨ ਤੋਂ ਇਨਕਾਰ ਕਰ ਦਿੱਤਾ। ਨਗਰ ਨਿਗਮ ਪੈਟਰੋਲ ਪੰਪ ਮਾਲਕ ਨੂੰ ਭੁਗਤਾਨ ਦੀ ਤਿਆਰੀ ਕਰ ਰਿਹਾ ਸੀ ਤਾਂ ਜੋ ਕੂੜਾ ਚੁੱਕਣ ਵਾਲੀਆਂ ਗੱਡੀਆਂ ਚੱਲ ਸਕਣ। ਸ਼ਹਿਰ ਦੇ ਕਈ ਇਲਾਕਿਆਂ ’ਚ ਨਗਰ ਨਿਗਮ ਨੂੰ ਕੂੜਾ ਨਾ ਚੁੱਕੇ ਜਾਣ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਡਲ ਟਾਊਨ ਇਲਾਕੇ ਦੇ ਲੋਕ ਨਗਰ ਨਿਗਮ ਦੀ ਇਸ ਲਾਪ੍ਰਵਾਹੀ ਤੋਂ ਕਾਫੀ ਔਖੇ ਦੱਸੇ ਜਾ ਰਹੇ ਹਨ। ਮੇਅਰ ਜਗਦੀਸ਼ ਰਾਜਾ ਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਨੇ ਦਾਅਵਾ ਕੀਤਾ ਸੀ ਕਿ ਕੂੜਾ ਚੁੱੱਕਣ ਦੀ ਸਮੱਸਿਆ ਨੂੰ ਛੇਤੀ ਹੱਲ ਕਰ ਲਿਆ ਜਾਵੇਗਾ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਨਗਰ ਨਿਗਮ ਵੱਡੇ ਆਰਥਿਕ ਸੰਕਟ ਵਿੱਚੋਂ ਲੰਘ ਰਹੀ ਹੈ ਤੇ ਆਮਦਨ ਦੇ ਸਾਧਨ ਘਟ ਗਏ ਹਨ।