ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਮਈ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਸਰਕਾਰੀ ‘ਓਟ’ ਕਲੀਨਿਕਾਂ ’ਚ ਨਸ਼ਿਆਂ ਦੀ ਅਲਾਮਤ ਦਾ ਸ਼ਿਕਾਰ ਕਰੀਬ 16,400 ਮਰੀਜ਼ਾਂ ਨੂੰ ਰਜਿਸਟਰਡ ਕਰਕੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਬੋਲਸਟਰ ਟਰੀਟਮੈਂਟ ਅਤੇ ਰਿਹੈਬਿਲੀਟੇਸ਼ਨ ਸੈਂਟਰ ਖੁਰਲਾ ਕਿੰਗਰਾ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਜੰਗ ਵਿੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 11 ਓਟ ਕਲੀਨਿਕਾਂ ਦੇ ਨਾਲ-ਨਾਲ ਸਿਵਲ ਹਸਪਤਾਲ ਵਿਖੇ 50 ਬਿਸਤਰਿਆਂ ਵਾਲਾ ਅਤੇ ਕਮਿਊਨਿਟੀ ਹੈਲਥ ਸੈਂਟਰ ਨੂਰਮਹਿਲ ਵਿਖੇ 10 ਬਿਸਤਰਿਆਂ ਵਾਲਾ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਸ਼ੇਖੇ ਵਿੱਚ ਸਥਿਤ ਮੁੜ ਵਸੇਬਾ ਕੇਂਦਰ ’ਚ ਵੀ ਨਸ਼ਾ ਪੀੜਤਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ‘ਓਟ’ ਕਲੀਨਿਕਾਂ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿਖੇ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 11 ‘ਓਟ’ ਕਲੀਨਿਕ ਸੀਐੱਚਸੀ ਆਦਮਪੁਰ, ਅੱਪਰਾ, ਕਾਲਾ ਬੱਕਰਾ, ਕਰਤਾਰਪੁਰ, ਲੋਹੀਆਂ, ਸ਼ਾਹਕੋਟ, ਨੂਰਮਹਿਲ, ਬਸਤੀ ਗੁਜਾਂ, ਐੱਸਡੀਐੱਚ ਫਿਲੌਰ ਤੇ ਨਕੋਦਰ ਅਤੇ ਮੁੜ ਵਸੇਬਾ ਕੇਂਦਰ ਪਿੰਡ ਸ਼ੇਖੇ ਵਿਖੇ ਚਲਾਏ ਜਾ ਰਹੇ ਹਨ। ਇਸ ਮੌਕੇ ਸੈਂਟਰ ਦੇ ਸੰਚਾਲਕ ਪਰਵਿੰਦਰ ਸਿੰਘ ਤੇ ਡਾ. ਐੱਸਪੀ. ਸਿੰਘ ਆਦਿ ਮੌਜੂਦ ਸਨ।