ਲਾਜਵੰਤ ਸਿੰਘ
ਨਵਾਂਸ਼ਹਿਰ, 21 ਜਨਵਰੀ
ਥਾਣਾ ਸਿਟੀ ਪੁਲੀਸ ਨਵਾਂਸ਼ਹਿਰ ਵੱਲੋਂ ਵਿਜ਼ਨਵੇਅ ਇਮੀਗਰੇਸ਼ਨ ਦੇ ਐਮ.ਡੀ ਪ੍ਰਵੀਨ ਅਰੋੜਾ ਅਤੇ ਡਾਇਰੈਕਟਰ ਵਿਭਾ ਅਰੋੜਾ ਖਿਲਾਫ਼ ਧੋਖਾਧੜੀ ਸਬੰਧੀ ਕੇਸ ਦਰਜ ਕੀਤਾ ਹੈ। ਪੁਲੀਸ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸੋਨੀਆ ਬੰਗਾ ਵਾਸੀ ਊਧੋਵਾਲ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਇਸ ਸੰਸਥਾ ਨੂੰ ਕਨੇਡਾ ਦੇ ਮੋਹਾਕ ਕਾਲਜ ਵਿਚ ਕੋਰਸ ਲਈ ਕਰੀਬ 15 ਲੱਖ ਰੁਪਏ ਦਿੱਤੇ ਸਨ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਕੈਨੇਡਾ ਅੰਬੈਸੀ ਤੋਂ ਆਫਰ ਲੈਟਰ ਜਾਅਲੀ ਹੋਣ ਸਬੰਧੀ ਈਮੇਲ ਆਈ ਤਾਂ ਉਸ ਨੇ ਅਰੋੜਾ ਜੋੜੇ ਤੋਂ ਆਈ ਆਫ਼ਰ ਲੈਟਰ ਦੀ ਮੰਗ ਕੀਤੀ ਤਾਂ ਉਹ ਉਸ ਨੂੰ ਮਿਲਣ ਤੋਂ ਵੀ ਟਾਲਾ ਵੱਟਣ ਲੱਗ ਪਏ। ਸੋਨੀਆ ਜੋ ਸੀਐਮਸੀ ਲੁਧਿਆਣਾ ਵਿਚ ਬਤੌਰ ਨਰਸ ਕੰਮ ਕਰਦੀ ਸੀ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮਾਂ ਨੇ ਨਕਲੀ ਆਫਰ ਲੈਟਰ ਨਾਲ ਵੀਜ਼ਾ ਅਪਲਾਈ ਕਰਕੇ ਉਸ ਦਾ ਭਵਿੱਖ ਤਬਾਹ ਕਰ ਦਿੱਤਾ ਹੈ।
ਉਸ ਦਾ ਕਹਿਦਾ ਹੈ ਕਿ ਮੁਲਜ਼ਮ ਮੁਲਜ਼ਮ ਜਿਆਦਾ ਪੈਸੇ ਕਮਾਉਣ ਦੇ ਲਾਲਚ ਵਾਸਤੇ ਵਿਦਿਆਰਥੀਆਂ ਦਾ ਭਵਿੱਖ ਅਤੇ ਉਚੇਰੀ ਸਿੱਖਿਆ ਦੇ ਸੁਪਨੇ ਖਰਾਬ ਕਰ ਰਹੇ ਹਨ ਅਤੇ ਮੋਟੀਆ ਰਕਮਾਂ ਵਸੂਲ ਕੇ ਭੋਲੇ ਭਾਲੇ ਲੋਕਾਂ ਦੀ ਲੁੱਟ ਕਰ ਰਹੇ ਹਨ। ਪੀੜਤਾ ਨੇ ਮੰਗ ਕੀਤੀ ਕਿ ਮੁਲਜ਼ਮਾਂ ਦਾ ਲਾਇਸੰਸ ਰੱਦ ਕੀਤਾ ਜਾਵੇ ਅਤੇ ਉਸ ਦੀ ਬਣਦੀ ਰਕਮ ਵਾਪਸ ਕਰਵਾਈ ਜਾਵੇ।