ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਨਵੰਬਰ
ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ 24 ਘੰਟੇ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਹੜਤਾਲ ਦੀ ਅਗਵਾਈ ਜ਼ਿਲ੍ਹਾ ਚੇਅਰਮੈਨ ਸੁਭਾਸ਼ ਮੱਟੂ, ਪ੍ਰਧਾਨ ਨਰੇਸ਼ ਕੁਮਾਰ ਅਤੇ ਜਨਰਲ ਸਕੱਤਰ ਵੇਦ ਪ੍ਰਕਾਸ਼ ਨੇ ਕੀਤੀ।
ਭੁੱਖ ਹੜਤਾਲ ’ਤੇ ਬੈਠੇ ਆਗੂਆਂ ਨੇ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਪੁਨਰ ਗਠਨ ਕਰ ਕੇ ਖ਼ਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ, ਰੈਗੂਲਾਈਜੇਸ਼ਨ ਐਕਟ 2016 ਰੱਦ ਕਰਕੇ ਨਵੇ ਐਕਟ 2020 ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਜਾਵੇ, 2004 ਦੀ ਪੈਨਸ਼ਨ ਬਹਾਲ ਕੀਤੀ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਹੱਕ ਜੋ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਉਸ ਨੂੰ ਲਾਗੂ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨੀਆਂ ਗਈਆਂ ਤਾਂ ਅਗਲੇ ਐਕਸ਼ਨ ਅਨੁਸਾਰ 17 ਨਵੰਬਰ ਨੂੰ ਬਠਿੰਡਾ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਵਿਚ ਰੈਲੀ ਕੀਤੀ ਜਾਵੇਗੀ। 25 ਨਵੰਬਰ ਨੂੰ ਮੋਰਿੰਡਾ ਵਿਚ ਮੁੱਖ ਮੰਤਰੀ ਦੇ ਹਲਕੇ ’ਚ ਰੈਲੀ ਕੀਤੀ ਜਾਵੇਗੀ।