ਪੱਤਰ ਪ੍ਰੇਰਕ
ਫਿਲੌਰ, 28 ਜੁਲਾਈ
ਸਥਾਨਕ ਸਿਵਲ ਹਸਪਤਾਲ ’ਚ ਆਸ਼ਾ ਵਰਕਰਾਂ ਨੂੰ ਬਹਾਲ ਕਰਵਾਉਣ ਲਈ ਧਰਨਾ ਲਾਇਆ ਗਿਆ। ਜਨਤਕ ਜਥੇਬੰਦੀਆਂ ਦੇ ਸਾਂਝਾ ਮੋਰਚਾ (ਜੇਪੀਐੱਮਓ) ਦੀ ਅਗਵਾਈ ਹੇਠ ਲਗਾਏ ਇਸ ਧਰਨੇ ਨੂੰ ਦਿਹਾਤੀ ਮਜਦੂਰ ਸਭਾ ਦੇ ਤਹਿਸੀਲ ਪ੍ਰਧਾਨ ਅਤੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਵੱਲੋਂ ਆਪਣੇ ਬਕਾਏ ਲੈਣ ਲਈ ਜੂਨ ਮਹੀਨੇ ਲਗਾਏ ਧਰਨੇ ਉਪਰੰਤ ਜਾਣਬੁੱਝ ਕੇ ਐੱਸਐੱਮਓ ਅਤੇ ਇੱਕ ਕਰਮਚਾਰੀ ਵਲੋਂ ਕਥਿਤ ਤੌਰ ’ਤੇ ਪੱਖਪਾਤੀ ਰਵਈਆਂ ਅਪਣਾਇਆ ਜਾ ਰਿਹਾ ਹੈ। ਧਰਨੇ ਦੌਰਾਨ ਆਸ਼ਾ ਵਰਕਰ ਤੇ ਫਸੈਲੀਟੇਟਰ ਯੂਨੀਅਨ (ਸੀਆਈਟੀਯੂ) ਦੇ ਕਾਰਕੁਨਾ ਨੇ ਵੱਡੀ ਹਾਜ਼ਰੀ ਲਵਾਈ। ਇਸ ਦੌਰਾਨ ਐੱਸਐੱਮਓ ਡਾ. ਰੋਹਿਨੀ ਗੋਇਲ ਨੇ ਧਰਨੇ ਦੌਰਾਨ ਮੰਗ ਪੱਤਰ ਲਿਆ। ਮੰਗ ਪੱਤਰ ਲੈਣ ਉਪਰੰਤ ਉਨ੍ਹਾਂ ਨੇ ਚਾਰ ਆਸ਼ਾ ਵਰਕਰਾਂ ਨੂੰ ਬਹਾਲ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਸ਼ੁੱਕਰਵਾਰ ਤੋਂ ਡਿਊਟੀ ’ਤੇ ਹਾਜ਼ਰ ਹੋਣ ਲਈ ਆਖਿਆ। ਇੱਕ ਕਰਮਚਾਰੀ ਵਲੋਂ ਕੀਤੇ ਦੁਰਵਿਹਾਰ ਕਾਰਨ ਬਦਲੀ ਦੀ ਮੰਗ ਸਬੰਧੀ ਉਨ੍ਹਾਂ ਐਲਾਨ ਕੀਤਾ ਕਿ 15 ਦਿਨਾਂ ਦੇ ਅੰਦਰ ਮਸਲਾ ਹੱਲ ਕਰ ਦਿੱਤਾ ਜਾਵੇਗਾ। ਇਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਇਸ ਤੋਂ ਪਹਿਲਾਂ ਧਰਨੇ ਨੂੰ ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਪਲਵਿੰਦਰ ਕੌਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਖਜ਼ਾਨਚੀ ਜਸਵਿੰਦਰ ਸਿੰਘ ਢੇਸੀ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਸਕੱਤਰ ਸਰਬਜੀਤ ਗੋਗਾ, ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ, ਆਸ਼ਾ ਵਰਕਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਜੀਤ ਕੌਰ, ਜਨਵਾਦੀ ਇਸਤਰੀ ਸਭਾ ਨਵਾਂ ਸ਼ਹਿਰ ਦੇ ਪ੍ਰਧਾਨ ਦਲਜੀਤ ਕੌਰ, ਐਡਵੋਕੇਟ ਅਜੈ ਫਿਲੌਰ, ਹੈਂਡੀਕੈਪ ਨਿਊਂ ਹੋਪ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ, ਉਪ ਪ੍ਰਧਾਨ ਸੰਦੀਪ ਲਾਡੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਆਦਿ ਨੇ ਵੀ ਸੰਬੋਧਨ ਕੀਤਾ।