ਲਾਜਵੰਤ ਸਿੰਘ
ਨਵਾਂਸ਼ਹਿਰ, 17 ਮਾਰਚ
ਪੁਲੀਸ ਥਾਣਾ ਔੜ ਵਲੋਂ ਵੱਡੀ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ ਭਾਰੀ ਅਸਲੇ ਸਮੇਤ ਕਾਬੂ ਕੀਤਾ ਹੈ। ਉਕਤ ਮੁਲਜ਼ਮ ਜ਼ਿਲ੍ਹੇ ਦੇ ਕੁਝ ਵਿਅਕਤੀਆਂ ਨੂੰ ਕਤਲ ਕਰਨ ਦੀ ਤਾਕ ਵਿਚ ਸਨ। ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਨੇ ਦੱਸਿਆ ਕਿ ਐਸ.ਐਚ.ਓ ਔੜ ਮਲਕੀਤ ਸਿੰਘ ਨੇ ਪਿੰਡ ਬਲੌਣੀ ਵਿਖੇ ਨਾਕੇ ਦੌਰਾਨ ਸਵਿਫਟ ਕਾਰ ਨੰਬਰ ਪੀ ਬੀ 10 ਐਫ ਜੈੱਡ 0635 ਜਿਸ ’ਚ ਮੱਖਣ ਸਿੰਘ ਵਾਸੀ ਗੋਲੀਆਂ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਰਣਜੀਤ ਸਿੰਘ ਵਾਸੀ ਮੋਰਿੰਡਾ ਜ਼ਿਲ੍ਹਾ ਰੂਪਨਗਰ ਸਵਾਰ ਸਨ, ਤੋਂ 2 ਪਿਸਤੌਲ, 4 ਮੈਗਜ਼ੀਨ ਅਤੇ 22 ਰੌਂਦ ਬਰਾਮਦ ਹੋ ਗਏ।
ਐਸ.ਐਸ.ਪੀ ਮੀਨਾ ਨੇ ਦੱਸਿਆ ਕਿ ਪੁਲੀਸ ਤਫ਼ਤੀਸ਼ ਦੌਰਾਨ ਉਕਤ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਤਜਿੰਦਰ ਸਿੰਘ ਉਰਫ ਤੇਜਾ ਵਾਸੀ ਮਹਿੰਦਪੁਰ ਨੇ 3 ਪਿਸਤੌਲ, 6 ਮੈਗਜ਼ੀਨ 46 ਰੌਂਦ ਮੁਹੱਈਆ ਕਰਵਾਏ ਸਨ। ਇਸੇ ਤਰ੍ਹਾਂ ਫਰੀਦਕੋਟ ਜੇਲ੍ਹ ਵਿਚ ਬੰਦ ਕੁਲਦੀਪ ਸਿੰਘ ਉਰਫ ਕੀਪਾ ਵਾਸੀ ਮਾਣੂਕੇ ਨੇ ਉਕਤ ਸਵਿੱਫਟ ਕਾਰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਮੁਹੱਈਆ ਕਰਵਾਈ ਸੀ। ਜਿਸ ਵਿਚੋਂ ਇਕ ਪਿਸਤੌਲ, ਮੈਗਜ਼ੀਨ ਅਤੇ ਰੌਂਦ ਉਨ੍ਹਾਂ ਨੇ ਗੁਰਜੀਤ ਸਿੰਘ ਵਾਸੀ ਮਾਹਲ ਖੁਰਦ ਅਤੇ ਬਲਵੀਰ ਸਿੰਘ ਉਰਫ ਬਿੰਦਾ ਵਾਸੀ ਅਲੀਪੁਰ ਨੂੰ ਦੇ ਦਿੱਤੇ ਹਨ। ਉਨ੍ਹਾਂ ਵਲੋਂ ਹਰੀਸ਼ ਕੁਮਾਰ ਵਾਸੀ ਗੜ੍ਹੀ ਮੱਟੋਂ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਇੰਗਲੈਂਡ ਦੇ ਕਹਿਣ ’ਤੇ ਰਣਜੀਤ ਸਿੰਘ ਵਾਸੀ ਲਸਾੜਾ ਅਤੇ ਕੁਝ ਹੋਰ ਵਿਅਕਤੀਆਂ ਦਾ ਕਤਲ ਕਰਨਾ ਸੀ। ਪੁਲੀਸ ਨੇ ਗੁਰਜੀਤ ਸਿੰਘ ਵਾਸੀ ਮਾਹਲ ਖੁਰਦ ਨੂੰ ਅਸਲੇ ਸਮੇਤ ਗਿ੍ਰਫ਼ਤਾਰ ਕਰ ਲਿਆ ਹੈ। ਇਸ ਮੌਕੇ ਐਸ.ਪੀ.ਡੀ ਵਜ਼ੀਰ ਸਿੰਘ, ਹਰਜੀਤ ਸਿੰਘ ਡੀ.ਐਸ.ਪੀ ਜਾਂਚ, ਕੁਲਜੀਤ ਸਿੰਘ ਇੰਚਾਰਜ਼ ਸੀ.ਆਈ.ਏ ਵੀ ਮੌਜੂਦ ਸਨ।