ਪਾਲ ਸਿੰਘ ਨੌਲੀ
ਜਲੰਧਰ, 29 ਮਈ
ਕਮਿਸ਼ਨਰੇਟ ਪੁਲੀਸ ਨੇ ਜੰਡਿਆਲਾ ਪੁਲੀਸ ਚੌਕੀ ਵਿੱਚ ਤਾਇਨਾਤ ਇੱਕ ਏਐੱਸਆਈ ਤੇ ਹੌਲਦਾਰ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਹੜੇ ਬਲੈਕਮੇਲ ਕਰਕੇ ਝੂਠੇ ਕੇਸ ਵਿਚ ਫਸਾਉਣ ਦਾ ਡਰਾਵਾ ਦੇ ਕੇ 10 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਇਨ੍ਹਾਂ ਕਥਿਤ ਦੋਸ਼ੀਆਂ ਵਿਰੁੱਧ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਕਸਬਾ ਨਕੋਦਰ ਦੇ ਪਿੰਡ ਈਦਾ ਦੇ ਵਸਨੀਕ ਸ਼ਿਕਾਇਤਕਰਤਾ ਹਰਜਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਥਾਣਾ ਸਦਰ ਜਲੰਧਰ ਵਿਚ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਜੰਡਿਆਲਾ ਪੁਲੀਸ ਵਿੱਚ ਤਾਇਨਾਤ ਇੱਕ ਏਐੱਸਆਈ ਕਸ਼ਮੀਰੀ ਲਾਲ ਤੇ ਹੌਲਦਾਰ ਪਰਮਜੀਤ ਸਿੰਘ ਨੇ ਦੋ ਔਰਤਾਂ ਦੀ ਮਦਦ ਨਾਲ ਝੂਠੇ ਕੇਸ ਵਿਚ ਫਸਾਉਣ ਦਾ ਡਰਾਵਾ ਦਿੱਤਾ ਤੇ ਉਸ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ।
ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ 3 ਮਈ ਨੂੰ ਇੱਕ ਲੜਕੀ ਦਾ ਫੋਨ ਆਇਆ ਤੇ ਉਸ ਨੇ ਦੱਸਿਆ ਕਿ ਉਸ ਦੀ ਮਾਤਾ ਬਹੁਤ ਬਿਮਾਰ ਹੈ ਤੇ ਪੈਸਿਆਂ ਦੀ ਮੰਗ ਕੀਤੀ ਗਈ। ਪਹਿਲਾਂ ਤਾਂ ਉਸ ਨੇ ਟਾਲਮਟੋਲ ਕਰ ਦਿੱਤੀ ਪਰ 9 ਮਈ ਨੂੰ ਇਕ ਵਾਰ ਫਿਰ ਉਸ ਨੂੰ ਫੋਨ ਕਰਕੇ ਪੈਸਿਆਂ ਦੀ ਮੰਗ ਕੀਤੀ। ਉਸ ਵੇਲੇ ਉਹ ਜਲੰਧਰ ਬੱਸ ਅੱਡੇ ’ਤੇ ਮੌਜੂਦ ਸੀ। ਲੜਕੀ ਨੇ ਫੋਨ ਕਰਕੇ ਕਿਹਾ ਕਿ ਉਸ ਦੀ ਮਾਤਾ ਸਖ਼ਤ ਬਿਮਾਰ ਹੈ ਤੇ ਦਵਾਈ ਲਈ ਪੈਸਿਆਂ ਦੀ ਲੋੜ ਹੈ। ਹਰਜਿੰਦਰ ਸਿੰਘ ਨੇ ਲੜਕੀ ਨੂੰ ਕਿਹਾ ਕਿ ਉਹ ਲਾਂਬੜਾ ਬੱਸ ਅੱਡੇ ਨੇੜੇ ਆ ਜਾਏ। ਉਥੇ ਪਹੁੰਚ ਕੇ ਉਸ ਨੇ ਕਾਰ ਰੋਕੀ ਤੇ ਲੜਕੀ ਕਾਰ ਦੀ ਅਗਲੀ ਸੀਟ ’ਤੇ ਆ ਕੇ ਬੈਠ ਗਈ ਤੇ ਉਸ ਨੂੰ ਦੋ ਹਜ਼ਾਰ ਰੁਪਏ ਦੇ ਦਿੱਤੇ। ਜਦੋਂ ਉਹ ਕਾਰ ਵਿਚੋਂ ਉਤਰਨ ਲੱਗੀ ਤਾਂ ਇਕ ਹੋਰ ਕਾਰ ਉਨ੍ਹਾਂ ਦੇ ਅੱਗੇ ਆ ਕੇ ਖੜ੍ਹੀ ਹੋ ਗਈ, ਜਿਸ ਵਿਚ ਦੋ ਵਰਦੀਧਾਰੀ ਤੇ ਇਕ ਸਾਦੇ ਕੱਪੜਿਆਂ ’ਚ ਬੰਦਾ ਨਿਕਲਿਆ। ਇਸੇ ਸਮੇਂ ਦੌਰਾਨ ਇੱਕ ਔਰਤ ਵੀ ਐਕਟਿਵਾ ’ਤੇ ਉਥੇ ਆ ਗਈ ਤੇ ਉਨ੍ਹਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਪੁਲੀਸ ਵਰਦੀ ਵਾਲੇ ਜ਼ਬਰਦਸਤੀ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਏ ਤੇ ਨਾਲ ਹੀ ਉਸ ਦੀ ਕਾਰ ਦੀ ਚਾਬੀ ਉਨ੍ਹਾਂ ਨੇ ਲੈ ਲਈ। ਉਸ ਕੋਲੋਂ ਦੋ ਹਜ਼ਾਰ ਰੁਪਏ ਲੈਣ ਵਾਲੀ ਲੜਕੀ ਤੇ ਐਕਟਿਵਾ ’ਤੇ ਆਈ ਔਰਤ ਵੀ ਕਾਰ ਵਿੱਚ ਬੈਠ ਗਈਆਂ। ਹਰਜਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਕਸ਼ਮੀਰੀ ਲਾਲ ਨੇ ਉਸ ਨੂੰ ਉਸ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਪੈਸੇ ਨਾ ਦਿੱਤੇ ਤਾਂ ਲੜਕੀ ਨਾਲ ਛੇੜਛਾੜ ਕਰਨ ਦਾ ਮੁਕੱਦਮਾ ਦਰਜ ਕਰ ਦਿੱਤਾ ਜਾਵੇਗਾ। ਉਸ ਨੇ ਆਪਣੀ ਬਦਨਾਮੀ ਤੋਂ ਡਰਦਿਆਂ ਕਿਹਾ ਕਿ ਉਸ ਕੋਲ ਏਨੇ ਪੈਸੇ ਨਹੀਂ ਹਨ। ਮਿੰਨਤ ਤਰਲਾ ਕਰਕੇ ਉਸ ਨੇ ਢਾਈ ਲੱਖ ਰੁਪਏ ਵਿੱਚ ਗੱਲ ਨਬਿੇੜੀ ਤੇ ਕਿਹਾ ਕਿ ਉਹ ਪੈਸਿਆਂ ਦਾ ਇੰਤਜ਼ਾਮ ਕਰਕੇ ਦੇ ਦੇਵੇਗਾ। ਉਨ੍ਹਾਂ ਨੇ ਉਸ ਕੋਲੋਂ ਦੋ ਚੈੱਕ ਲੈ ਲਏ ਤੇ ਉਸ ਦੀ ਗੱਡੀ ਦੀ ਚਾਬੀ ਤੇ ਮੋਬਾਈਲ ਉਸ ਨੂੰ ਵਾਪਸ ਕਰ ਦਿੱਤਾ। ਪੁਲੀਸ ਵਾਲੇ ਉਸ ਨੂੰ ਵਾਰ-ਵਾਰ ਫੋਨ ਕਰ ਰਹੇ ਸਨ ਕਿ ਉਹ ਉਨ੍ਹਾਂ ਨੂੰ ਨਕਦ ਢਾਈ ਲੱਖ ਰੁਪਏ ਦੇਵੇ ਨਹੀਂ ਤਾਂ ਉਸ ਨੂੰ ਨਤੀਜਾ ਭੁਗਤਣਾ ਪਵੇਗਾ। ਜਦੋਂ ਉਸ ਨੂੰ ਸ਼ੱਕ ਪਈ ਤਾਂ ਇਸ ਬਾਰੇ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ।
ਪੁਲੀਸ ਨੇ ਥਾਣਾ ਸਦਰ ਵਿੱਚ ਏਐੱਸਆਈ ਕਸ਼ਮੀਰੀ ਲਾਲ, ਹੌਲਦਾਰ ਪਰਮਜੀਤ ਸਿੰਘ ਤੇ ਉਸ ਨਾਲ ਕਾਰ ਵਿਚ ਬੈਠਣ ਵਾਲੀ ਪ੍ਰਭਜੋਤ ਕੌਰ ਤੇ ਐਕਟਿਵਾ ’ਤੇ ਆਈ ਗੁਰਵਿੰਦਰ ਕੌਰ ਅਤੇ ਸਾਦੀ ਵਰਦੀ ਵਿਚ ਆਏ ਰਵੀ ਨਾਹਰ ਵਿਰੁੱਧ ਸਾਜ਼ਿਸ਼ ਰਚਣ ਤੇ ਬਲੈਕਮੇਲ ਕਰਨ ਦੀਆਂ ਵੱਖ-ਵੱਖ ਧਾਰਾਵਾਂ ਲਾ ਕੇ ਮਾਮਲਾ ਦਰਜ ਕਰ ਦਿੱਤਾ ਹੈ।