ਪਾਲ ਸਿੰਘ ਨੌਲੀ
ਜਲੰਧਰ, 28 ਨਵੰਬਰ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੂਬਾ ਸਰਕਾਰ ਨੇ ਖਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। ਜਲੰਧਰ ਛਾਉਣੀ ਹਲਕੇ ਵਿੱਚ ਦੂਜੇ ਦਿਨ ਵੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਈ ਪਿੰਡਾਂ ਵਿੱਚ ਨੀਂਹ ਪੱਥਰ ਰੱਖਣ ਦੀ ਝੜੀ ਲਾ ਦਿੱਤੀ। ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਪਿੰਡ ਦਾਦੂਵਾਲ, ਕੰਗਣੀਵਾਲ ਅਤੇ ਫੋਲੜੀਵਾਲ ਵਿੱਚ 3.50 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰਾਜੈਕਟਾਂ ਵਿੱਚ 1.59 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਤਿੰਨ ਸਪੋਰਟਸ ਪਾਰਕ, 18.59 ਲੱਖ ਨਾਲ ਚਾਹੂਵਾਲ ਸੜਕ, 7.79 ਲੱਖ ਨਾਲ ਦਾਦੂਵਾਲ ਸੜਕ, 5.06 ਲੱਖ ਦੀ ਲਾਗਤ ਨਾਲ ਪ੍ਰਾਇਮਰੀ ਸਕੂਲ ਤੱਕ ਸੜਕ, ਫੋਲੜੀਵਾਲ ਦੀ 2.90 ਕਿਲੋਮੀਟਰ ਸੜਕ ਨੂੰ 1.50 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਤੱਕ ਚੌੜਾ ਕਰਨ ਤੋਂ ਇਲਾਵਾ ਪਿੰਡ ਦਾਦੂਵਾਲ ਅਤੇ ਪਿੰਡ ਫੋਲੜੀਵਾਲ ਦੀ ਪੰਚਾਇਤ ਨੂੰ 10-10 ਲੱਖ ਰੁਪਏ ਦੀ ਗ੍ਰਾਂਟਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਕਦਮ ਨਾ ਸਿਰਫ਼ ਖੇਡਾਂ ਦੀ ਸ਼ੁਰੂਆਤ ਕਰਨ ਵਿੱਚ ਸਹਾਈ ਹੋਵੇਗਾ ਸਗੋਂ ਇਸ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਪ੍ਰਸਿੱਧੀ ਮਿਲੇਗੀ। ਪਿੰਡਾਂ ਵਿੱਚ ਲਾਏ ਜਾ ਰਹੇ ਪ੍ਰਾਜੈਕਟਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਇਸ ਸੁਪਨੇ ਨੂੰ ਪੂਰਾ ਕਰਨ ਲਈ ਹਲਕੇ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ 15 ਅਤਿ-ਆਧੁਨਿਕ ਸਪੋਰਟਸ ਪਾਰਕ ਬਣਾਏ ਜਾਣਗੇ। ਕੈਬਨਿਟ ਮੰਤਰੀ ਨੇ ਪਿੰਡ ਕੰਗਣੀਵਾਲ ਵਿੱਚ 49.08 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ਪਿੰਡ ਦਾਦੂਵਾਲ ਵਿੱਚ 54.05 ਅਤੇ ਪਿੰਡ ਫੋਲੜੀਵਾਲ ਵਿੱਚ 56.08 ਲੱਖ ਰੁਪਏ ਨਾਲ ਬਣਨ ਵਾਲੇ ਸਪੋਰਟਸ ਪਾਰਕਾਂ ਦਾ ਨੀਂਹ ਪੱਥਰ ਰੱਖੇ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਉਹ ਚੱਲ ਰਹੇ ਵਿਕਾਸ ਕਾਰਜਾਂ ’ਤੇ ਨਿਗਰਾਨੀ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਸਮੁੱਚੇ ਕਾਰਜਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਂਦਿਆਂ ਵਿਕਾਸ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ।