ਦੀਪਕ ਕੁਮਾਰ
ਤਲਵਾੜਾ, 17 ਜੁਲਾਈ
ਇੱਥੇ ਨੇੜਲੇ ਪਿੰਡ ਭਵਨੌਰ ਵਿੱਚ ਸਥਿਤ ਡੇਅਰੀ ਫਾਰਮ ਦੇ ਅੰਦਰੋਂ ਜੰਗਲਾਤ ਵਿਭਾਗ ਨੇ ਕਰੀਬ ਪੰਜ ਕੁਇੰਟਲ ਖ਼ੈਰ ਦੀ ਲੱਕੜ ਬਰਾਮਦ ਕੀਤੀ ਹੈ। ਵਣ ਰੇਂਜ ਨੰਬਰ 2 ਅਧੀਨ ਆਉਂਦੇ ਨੀਮ ਪਹਾੜੀ ਪਿੰਡ ਭਵਨੌਰ ’ਚ ਵਣ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾ ਮਾਰਿਆ। ਵਣ ਗਾਰਡ ਪੰਨਾ ਲਾਲ ਨੇ ਦੱਸਿਆ ਕਿ ਪਿੰਡ ਭਵਨੌਰ ਦੇ ਇੱਕ ਵਿਅਕਤੀ ਨੇ ਜੰਗਲ ’ਚੋਂ ਕਥਿਤ ਤੌਰ ’ਤੇ ਵੱਢੇ ਖ਼ੈਰ ਦੇ 40 ਦੇ ਕਰੀਬ ਛਿੱਲੇ ਹੋਏ ਮੋਛੇ ਡੇਅਰੀ ਫਾਰਮ ਅੰਦਰ ਲੁਕਾ ਕੇ ਰੱਖੇ ਹੋਏ ਸਨ। ਵਿਅਕਤੀ ਦੀ ਪਛਾਣ ਸੁਰਿੰਦਰ ਸਿੰਘ ਉਰਫ਼ ਛਿੰਦਾ ਵਜੋਂ ਹੋਈ ਹੈ ਜੋ ਵਿਭਾਗ ਨੂੰ ਵੱਢੀ ਖੈਰ ਦੀ ਲੱਕੜ ਸਬੰਧੀ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਜੰਗਲਾਤ ਵਿਭਾਗ ਨੇ ਖੈਰ ਦੇ ਮੋਛੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਵਣ ਗਾਰਡ ਪੰਨਾ ਲਾਲ ਨੇ ਦੱਸਿਆ ਕਿ ਸੁਰਿੰਦਰ ਸਿੰਘ ਉਰਫ਼ ਛਿੰਦਾ ਨੂੰ ਸੋਮਵਾਰ ਤੱਕ ਸਬੰਧਤ ਦਸਤਾਵੇਜ਼ ਪੇਸ਼ ਵਿਭਾਗ ਦੇ ਤਲਵਾੜਾ ਦਫ਼ਤਰ ’ਚ ਪੇਸ਼ ਕਰਨ ਲਈ ਕਿਹਾ ਗਿਆ ਹੈ। ਦਸਤਾਵੇਜ਼ ਪੇਸ਼ ਨਾ ਕਰਨ ਦੀ ਸੂਰਤ ’ਚ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਤਲਵਾੜਾ ਖੇਤਰ ’ਚ ਵੱਡੇ ਪੱਧਰ ’ਤੇ ਖ਼ੈਰ ਦੀ ਲੱਕੜ ਦੀ ਤਸਕਰੀ ਪਿਛਲੇ ਲੰਮੇ ਅਰਸੇ ਤੋਂ ਚੱਲ ਰਹੀ ਹੈ। ਪਿਛਲੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਕੰਢੀ ਖੇਤਰ ’ਚ ਆਰਾ ਮਿੱਲਾਂ ਦੇ ਨਾਂ ’ਤੇ ਚੱਲਦੀਆਂ ਰਸੂਖਦਾਰਾਂ ਦੀਆਂ ਕੱਥਾ ਫੈਕਟਰੀਆਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ।