ਹਰਜੀਤ ਸਿੰਘ ਪਰਮਾਰ
ਬਟਾਲਾ, 11 ਸਤੰਬਰ
ਨੇੜਲੇ ਪਿੰਡ ਕੋਟਲਾ ਸਰਫ਼ ਵਿੱਚ ਲੰਘੀ ਦੇਰ ਰਾਤ ਮਾਮੂਲੀ ਤਕਰਾਰ ਕਾਰਨ ਇੱਕ ਹੀ ਪਰਿਵਾਰ ਦੀਆਂ ਦੋ ਧਿਰਾਂ ਦਰਮਿਆਨ ਲੜਾਈ ਹੋ ਗਈ। ਇਸ ਦੌਰਾਨ ਗੋਲੀਆਂ ਚੱਲਣ ਕਾਰਨ ਇੱਕ ਧਿਰ ਦੇ ਦੋ ਭਰਾ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸਦਰ ਪੁਲੀਸ ਨੇ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਸਾਰੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਹਨ।
ਸਿਵਲ ਹਸਪਤਾਲ ਬਟਾਲਾ ਵਿੱਚ ਜ਼ੇਰੇ ਇਲਾਜ ਜਸ਼ਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਕੋਟਲਾ ਸਰਫ਼ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਹੋਰ ਵਿਅਕਤੀਆਂ ਨਾਲ ਟਰੈਕਟਰ-ਟਰਾਲੀ ’ਤੇ ਗੋਇੰਦਵਾਲ ਸਾਹਿਬ ਮੇਲੇ ’ਤੇ ਗਏ ਸਨ ਅਤੇ ਵਾਪਸ ਆਉਂਦਿਆਂ ਉਨ੍ਹਾਂ ਦੀ ਤਕਰਾਰ ਆਪਣੇ ਚਚੇਰੇ ਭਰਾ ਬਿਕਰਮਜੀਤ ਸਿੰਘ ਨਾਲ ਹੋ ਗਈ ਪਰ ਉੱਥੇ ਲੋਕਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਪਿੰਡ ਪਹੁੰਚ ਕੇ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ ਪਰ ਬਿਕਰਮਜੀਤ ਸਿੰਘ ਨੇ ਆਪਣੇ ਜੀਜਾ ਅੰਮ੍ਰਿਤਪਾਲ ਸਿੰਘ ਨੂੰ ਬੁਲਾ ਲਿਆ ਜੋ ਆਪਣੇ ਨਾਲ ਹਥਿਆਰਾਂ ਨਾਲ ਲੈਸ 5-6 ਅਣਪਛਾਤੇ ਵਿਅਕਤੀ ਲੈ ਕੇ ਆ ਗਿਆ। ਉਹ ਉਨ੍ਹਾਂ ’ਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ। ਹਸਪਤਾਲ ਦੇ ਡਾਕਟਰਾਂ ਅਨੁਸਾਰ ਦੋਵਾਂ ਜ਼ਖ਼ਮੀਆਂ ਦੇ ਲੱਤਾਂ ਵਿੱਚ ਗੋਲ਼ੀਆਂ ਲੱਗੀਆਂ ਹਨ। ਇਸ ਸਬੰਧੀ ਏਐੱਸਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਬਿਕਰਮਜੀਤ ਸਿੰਘ ਵਾਸੀ ਕੋਟਲਾ ਸਰਫ਼ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਡੇਹਰੀਵਾਲ (ਅੰਮ੍ਰਿਤਸਰ) ਅਤੇ 5-6 ਅਣਪਛਾਤੇ ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਫਿਲਹਾਲ ਨਾਮਜ਼ਦ ਮੁਲਜ਼ਮ ਫ਼ਰਾਰ ਹਨ।