ਦੀਪਕ ਠਾਕੁਰ
ਤਲਵਾੜਾ, 15 ਮਈ
ਕੰਢੀ ਖੇਤਰ ਦੇ ਨੀਮ ਪਹਾੜੀ ਪਿੰਡਾਂ ਵਿੱਚ ਕੱਚੇ ਕੋਲੇ ਦੀਆਂ ਬੇਖੌਫ਼ ਮਘ ਰਹੀਆਂ ਭੱਠੀਆਂ ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। ਜਾਣਕਾਰੀ ਮੁਤਾਬਿਕ ਬਲਾਕ ਦੇ ਨੀਮ ਪਹਾੜੀ ਪਿੰਡ ਭੋਲ ਬਦਮਾਣੀਆਂ, ਧਰਮਪੁਰ, ਸੁਖਚੈਨਪੁਰ ਆਦਿ ‘ਚ ਕੱਚੇ ਕੋਲੇ ਦੀਆਂ ਭੱਠੀਆਂ ਮਘ ਰਹੀਆਂ ਹਨ। ਜੰਗਲਾਤ ਵਿਭਾਗ ਅਨੁਸਾਰ 14 ਅਪਰੈਲ ਤੋਂ 30 ਜੂਨ ਤੱਕ ਫਾਇਰ ਸੀਜ਼ਨ ਹੈ।
ਇਸ ਦੌਰਾਨ ਦਰੱਖ਼ਤਾਂ ਦੀ ਕਟਾਈ ’ਤੇ ਮੁਕੰਮਲ ਰੋਕ ਲੱਗੀ ਹੋਈ ਹੈ, ਜੰਗਲਾਤ ਖ਼ੇਤਰ ‘ਚ ਕਿਸੇ ਵੀ ਤਰ੍ਹਾਂ ਦੀ ਅੱਗਜ਼ਨੀ ’ਤੇ ਮਨਾਹੀ ਹੈ। ਪਰ ਉਕਤ ਪਿੰਡਾਂ ਵਿੱਚ ਦੋ ਦਰਜਨ ਤੋਂ ਵਧ ਚੱਲ ਰਹੀਆਂ ਕੱਚੇ ਕੋਲੇ ਦੀਆਂ ਭੱਠੀਆਂ ਜੰਗਲਾਤ ਵਿਭਾਗ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਇਹ ਸਾਰਾ ਕਾਰੋਬਾਰ ਜੰਗਲਾਤ ਵਿਭਾਗ, ਸਿਆਸੀ ਤੇ ਮਾਫੀਆ ਦੀ ਮਿਲੀਭੁਗਤ ਨਾਲ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਸਮਾਜਿਕ ਜਥੇਬੰਦੀਆਂ ਤੇ ਵਾਤਾਵਰਨ ਪ੍ਰੇਮੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਮੰਗੀ ਹੈ। ਜੰਗਲਾਤ ਵਿਭਾਗ ਦੇ ਇੱਕ ਸਾਬਕਾ ਅਧਿਕਾਰੀ ਨੇ ਦੱਸਿਆ ਕਿ ਫਾਇਰ ਸੀਜ਼ਨ ਵਿੱਚ ਜੰਗਲ ਜਾਂ ਇਸ ਦੇ ਨੇੜਲੇ ਖੇਤਰ ‘ਚ ਕਿਸੇ ਵੀ ਤਰ੍ਹਾਂ ਦੀ ਅੱਗਜ਼ਨੀ ’ਤੇ ਰੋਕ ਹੁੰਦੀ ਹੈ। ਇਸ ਸੀਜ਼ਨ ‘ਚ ਕੱਚੇ ਕੋਲੇ ਦੀਆਂ ਚੱਲ ਰਹੀਆਂ ਭੱਠੀਆਂ ਚਿੰਤਾ ਵਿਸ਼ਾ ਹਨ।
ਡੀਐੱਫਓ ਦਸੂਹਾ ਅਟਲ ਮਹਾਜਨ ਨੇ ਕਿਹਾ ਕਿ ਜੰਗਲਾਤ ਅਮਲਾ ਪੂਰਾ ਅਲਰਟ ਹੈ। ਜੰਗਲਾਤ ਖੇਤਰ ‘ਚ ਬੀੜੀ ਪੀਣ ਤੱਕ ਦੀ ਮਨਾਹੀ ਹੈ। ਪਿੰਡਾਂ ਵਿੱਚ ਕੱਚੇ ਕੋਲੇ ਦੀਆਂ ਚੱਲਦੀਆਂ ਭੱਠੀਆਂ ਸਬੰਧੀ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਰਕਬਾ ਜੰਗਲਾਤ ਇਲਾਕੇ ਤੋਂ ਬਾਹਰ ਹੋਵੇ।