ਜਗਜੀਤ ਸਿੰਘ
ਮੁਕੇਰੀਆਂ, 10 ਸਤੰਬਰ
ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਲੋਂ ਮਾਪਿਆਂ ਨੂੰ ਫੀਸਾਂ ਲਈ ਤੰਗ ਪ੍ਰੇਸ਼ਾਨ ਕਰਨ ਖਿਲਾਫ਼ ਇਕੱਠੇ ਹੋਏ ਮਾਪਿਆਂ ਵਲੋਂ ਸਕੂਲ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਾਪਿਆਂ ਨੂੰ ਸਕੂਲ ਅੰਦਰ ਨਾ ਵੜਨ ਦੇਣ ਕਾਰਨ ਮਾਪਿਆਂ ਵਲੋਂ ਐੱਸਡੀਐੱਮ ਨੂੰ ਸਕੂਲ ਵਿਰੁੱਧ ਸ਼ਿਕਾਇਤ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ। ਐੱਸਡੀਐੱਮ ਅਸ਼ੋਕ ਕੁਮਾਰ ਨੇ ਮਾਪਿਆਂ ਨੂੰ ਭਰੋਸਾ ਦੁਆਇਆ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਸਕੂਲ ਖਿਲਾਫ਼ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਸਿਫਾਰਸ਼ ਕਰਨਗੇ। ਇਸ ਮੌਕੇ ਰਾਜੇਸ਼ ਕੁਮਾਰ, ਕਮਲਦੀਪ ਸਿੰਘ, ਗੁਰਮੀਤ ਸਿੰਘ, ਵਰਿੰਦਰਪਾਲ ਸਿੰਘ ਤੇ ਅਜੈ ਸਿੰਘ ਆਦਿ ਨੇ ਦੱਸਿਆ ਕਿ ਸ਼ਹਿਰ ਦੇ ਸਪਰਿੰਗ ਡੇਲਜ਼ ਪਬਲਿਕ ਸਕੂਲ ਗਾਹਲੜੀਆਂ ਵਲੋਂ ਲਗਾਤਾਰ ਸਕੂਲ ਵਿਦਿਆਰਥੀਆਂ ਦੇ ਮਾਪਿਆਂ ਨੂੰ ਫੀਸ ਅਦਾ ਕਰਨ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਕੂਲ ਪ੍ਰਬੰਧਕ ਮਾਪਿਆਂ ਵਲੋਂ ਸਾਲਾਨਾ ਫੀਸ, ਦਾਖਲਾ ਫੀਸ ਤੇ ਟਿਊਸ਼ਨ ਫੀਸ ਸਮੇਤ ਕੁਝ ਹੋਰ ਫੰਡਾਂ ਨੂੰ ਵੀ ਸਕੂਲ ਫੀਸ ਦੱਸ ਕੇ ਆਰਥਿਕ ਲੁੱਟ ਕਰਨ ਦਾ ਯਤਨ ਕਰ ਰਹੇ ਹਨ। ਕਰੋਨਾ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੇ ਗੁਜ਼ਾਰੇ ਕਰਨੇ ਔਖੇ ਹੋਏ ਪਏ ਹਨ ਪਰ ਸਕੂਲ ਪ੍ਰਬੰਧਕਾਂ ਵਲੋਂ ਫੀਸ ਵਸੂਲੀ ਲਈ ਪਾਇਆ ਜਾ ਰਿਹਾ ਦਬਾਅ ਮਾਪਿਆਂ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਕਈ ਮਾਪੇ ਦਿਹਾੜੀਦਾਰ ਤੇ ਮਗਨਰੇਗਾ ਅਧੀਨ ਮਜ਼ਦੂਰੀ ਕਰਨ ਵਾਲੇ ਹਨ ਜਿਨ੍ਹਾਂ ਨੂੰ ਕਰੋਨਾ ਕਾਰਨ ਕੰਮ ਨਹੀਂ ਮਿਲ ਰਿਹਾ। ਇਸ ਕਾਰਨ ਬੱਚਿਆਂ ਦੀਆਂ ਫੀਸਾਂ ਦਾ ਭੁਗਤਾਨ ਕਰਨਾ ਔਖਾ ਹੈ। ਉਹ ਕਈ ਵਾਰ ਸਕੂਲ ਪ੍ਰਬੰਧਕਾਂ ਨੂੰ ਬੇਨਤੀ ਕਰ ਚੁੱਕੇ ਹਨ ਪਰ ਪ੍ਰਬੰਧਕ ਮਾਪਿਆਂ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਕੂਲ ਪ੍ਰਬੰਧਕਾਂ ਨੇ ਫੀਸਾਂ ਵਸੂਲਣ ਦਾ ਫੈਸਲਾ ਵਾਪਸ ਲੈ ਕੇ ਮਾਪਿਆਂ ਨੂੰ ਪ੍ਰੇਸ਼ਾਨ ਕਰਨਾ ਨਾ ਛੱਡਿਆ ਤਾਂ ਉਹ ਤਿੱਖਾ ਸੰਘਰਸ਼ ਅਰੰਭ ਦੇਣਗੇ। ਇਸ ਮੌਕੇ ਪ੍ਰਬੰਧਕਾਂ ਵਲੋਂ ਮਾਪਿਆਂ ਨੂੰ ਸਕੂਲ ਅੰਦਰ ਨਾ ਵੜਨ ਦੇਣ ਕਾਰਨ ਉਨ੍ਹਾਂ ਸਕੂਲ ਵਿਰੁੱਧ ਨਾਅਰੇਬਾਜ਼ੀ ਕਰ ਕੇ ਐੱਸਡੀਐੱਮ ਅਸ਼ੋਕ ਕੁਮਾਰ ਨੂੰ ਮੰਗ ਪੱਤਰ ਸੌਂਪ ਦਿੱਤਾ। ਐੱਸਡੀਐੱਮ ਨੇ ਮਾਪਿਆਂ ਨੂੰ ਭਰੋਸਾ ਦੁਆਇਆ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਸਕੂਲ ਖਿਲਾਫ਼ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਣਗੇ।