ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 6 ਅਕਤੂਬਰ
ਇਥੋਂ ਨੇੜਲੇ ਪਿੰਡ ਮਿਆਣੀ ਵਿੱਚ ਆਦੇਸ਼ ਸਕੂਲ ਕੋਲ ਲੰਘੀ ਰਾਤ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਕਰੀਬ ਸਾਢੇ ਅੱਠ ਵਜੇ ਉਦੋਂ ਵਾਪਰਿਆ ਜਦੋਂ ਪਿਓ- ਪੁੱਤ ਅਨਾਜ ਮੰਡੀ ਟਾਂਡਾ ਤੋਂ ਘਰ ਵਾਪਸ ਪਰਤ ਰਹੇ ਸਨ। ਮ੍ਰਿਤਕਾਂ ਦੀ ਪਛਾਣ ਪਰਗਟ ਸਿੰਘ ਸੋਨੂੰ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਮਿਆਣੀ ਅਤੇ ਉਸ ਦੇ 13 ਸਾਲਾ ਪੁੱਤਰ ਅੰਸ਼ਪ੍ਰੀਤ ਸਿੰਘ ਵਜੋਂ ਹੋਈ ਹੈ। ਅੰਸ਼ਪ੍ਰੀਤ ਦੋ ਭੈਣਾਂ ਦਾ ਭਰਾ ਸੀ।
ਸਕੂਲ ਦੇ ਸੀਸੀਟੀਵੀ ਫੁਟੇਜ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਣਪਛਾਤੀ ਕਾਰ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਦਸੂਹਾ ਵੱਲ ਚਲੀ ਗਈ। ਸੂਚਨਾ ਮਿਲਣ ’ਤੇ ਟਾਂਡਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਸੋਨੂੰ ਦੇ ਚਾਚਾ ਦਲੀਪ ਸਿੰਘ ਪੁੱਤਰ ਗਿਰਧਾਰਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਅਣਪਛਾਤੇ ਕਾਰ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸੜਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਵਿੱਚ ਕਾਰ ਦਰੱਖਤ ਨਾਲ ਟਕਰਾਈ ਦੋ ਮੌਤਾਂ; ਦੋ ਜ਼ਖਮੀ
ਜਲੰਧਰ(ਪਾਲ ਸਿੰਘ ਨੌਲੀ):ਇਥੋਂ ਦੇ ਮਾਸਟਰ ਗੁਰਬੰਤਾ ਸਿੰਘ ਮਾਰਗ ’ਤੇ ਲੰਘੀ ਅੱਧੀ ਰਾਤ ਨੂੰ ਵਾਪਰੇ ਹਾਦਸੇ ’ਚ ਇਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਗਈ, ਜਿਸ ਨਾਲ ਕਾਰ ’ਚ ਸਵਾਰ ਸਵੀਮਿੰਗ ਪੂਲ ਦੇ ਮਾਲਕ ਤੇ ਸਪੋਰਟਸ ਕਾਰੋਬਾਰੀ ਅਤੇ ਉਸ ਦੇ ਇਕ ਸਾਥੀ ਦੀ ਮੌਤ ਹੋ ਗਈ ਤੇ ਉਨ੍ਹਾਂ ਦੇ ਨਾਲ ਬੈਠੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਅਤੇ ਬੰਕਾ ਵਜੋਂ ਹੋਈ ਹੈ। ਜ਼ਖਮੀ ਹੋਏ ਨੌਜਵਾਨਾਂ ਵਿਚ ਸੁਨੀਲ ਤੇ ਰਾਜ ਕੁਮਾਰ ਸ਼ਾਮਲ ਹਨ, ਉਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਰਾਜ ਕੁਮਾਰ ਨੇ ਦੱਸਿਆ ਕਿ ਆਪਣੇ ਦੋਸਤ ਜਸਕਰਨ ਸਿੰਘ ਉਰਫ ਕਰਨ ਵਾਸੀ ਨਾਹਲਾਂ ਅਤੇ ਸੁਨੀਲ ਕੁਮਾਰ ਵਾਸੀ ਮੁਹੱਲਾ ਬੇਗਮਪੁਰਾ ਬਸਤੀ ਦਾਨਿਸ਼ਮੰਦਾਂ ਅਤੇ ਬੰਕਾ ਵਾਸੀ ਚੰਡੀਗੜ੍ਹ ਮੁਹੱਲਾ ਨਾਲ ਜਾ ਰਿਹਾ ਸੀ ਤੇ ਗੱਡੀ ਜਸਕਰਨ ਸਿੰਘ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਉਂ ਹੀ ਉਨ੍ਹਾਂ ਦੀ ਗੱਡੀ ਸ਼ੇਰ ਸਿੰਘ ਕਲੋਨੀ ਨੇੜੇ ਪਹੁੰਚੀ ਤਾਂ ਅਚਾਨਕ ਸਾਹਮਣੇ ਤੋਂ ਇਕ ਤੇਜ਼ ਰਫਤਾਰ ਗੱਡੀ ਆਈ। ਬਿਨਾਂ ਹਾਰਨ ਵਜਾਇਆਂ ਹੀ ਲਾਪ੍ਰਵਾਹੀ ਨਾਲ ਗੱਡੀ ਉਨ੍ਹਾਂ ਦੀ ਕਾਰ ਵਿਚ ਮਾਰ ਦਿੱਤੀ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਨਾਲ ਜਾ ਟਕਰਾਈ, ਜਿਸ ਨਾਲ ਕਾਰ ਚਲਾ ਰਿਹਾ ਜਸਕਰਨ ਸਿੰਘ ਤੇ ਅਗਲੀ ਸੀਟ ’ਤੇ ਬੈਠਾ ਬੰਕਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਸੀ ਕਿ ਕਾਰ ਏਨੀ ਤੇਜ਼ ਸੀ ਕਿ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਲੋਕਾਂ ਨੇ ਸ਼ੀਸ਼ੇ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ।
ਸੜਕ ਹਾਦਸੇ ਦੇ ਜ਼ਖ਼ਮੀ ਨੇ ਦਮ ਤੋੜਿਆ
ਤਰਨ ਤਾਰਨ(ਗੁਰਬਖਸ਼ਪੁਰੀ): ਇਥੋਂ ਦੇ ਗੋਇੰਦਵਾਲ ਸਾਹਿਬ ਦੇ ਬਾਈਪਾਸ ’ਤੇ ਸੋਮਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਇਆ ਵਿਅਕਤੀ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਮੰਗਲਵਾਰ ਨੂੰ ਇਲਾਜ ਦੌਰਾਨ ਦਮ ਤੋੜ ਗਿਆ| ਮ੍ਰਿਤਕ ਦੀ ਪਛਾਣ ਇਥੋਂ ਦੀ ਮੁਰਾਦਪੁਰ ਆਬਾਦੀ ਦੇ ਵਾਸੀ ਬਲਵਿੰਦਰ ਸਿੰਘ (40) ’ਦੇ ਤੌਰ ਤੇ ਕੀਤੀ ਗਈ ਹੈ| ਇਕੱਤਰ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਦੇ ਮੇਲੇ ਉੱਤੇ ਮੱਥਾ ਟੇਕਣ ਲਈ ਜਾ ਰਿਹਾ ਸੀ ਕਿ ਉਸ ਨੂੰ ਇੱਕ ਇਨੋਵਾ ਕਾਰ ਦੇ ਚਾਲਕ ਨੇ ਫੇਟ ਮਾਰ ਦਿੱਤੀ| ਬਲਵਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਹ ਮੰਗਲਵਾਰ ਨੂੰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ| ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਇਸ ਸਬੰਧੀ ਹਾਦਸੇ ਲਈ ਜਿੰਮੇਵਾਰ ਕਾਰ ਚਾਲਕ ਖਿਲਾਫ਼ ਧਾਰਾ 304ਏ ਸਮੇਤ ਹੋਰਨਾਂ ਅਧੀਨ ਇਕ ਕੇਸ ਦਰਜ ਕੀਤਾ ਹੈ| ਕਾਰ ਚਾਲਕ ਦੀ ਪਛਾਣ ਪ੍ਰਭਦਿਆਲ ਸਿੰਘ ਵਾਸੀ ਹਰਦੋਵਾਲ (ਬਟਾਲਾ) ਦੇ ਤੌਰ ’ਤੇ ਹੋਈ ਹੈ ਜੋ ਮੌਕੇ ਤੋਂ ਫ਼ਰਾਰ ਹੋ ਗਿਆ ਸੀ|