ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਅਪਰੈਲ
ਕਮਿਸ਼ਨਰੇਟ ਪੁਲੀਸ ਨੇ ਸਿਵਲ ਹਸਪਤਾਲ ’ਚੋਂ ਪਿਓ-ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੇ ਲੋਕਾਂ ਨੂੰ ਆਯੂਸ਼ਮਾਨ ਦਾ ਜਾਅਲੀ ਕਾਰਡ ਬਣਾ ਕੇ ਦੇ ਰਹੇ ਸਨ। ਲੋਕਾਂ ਨੂੰ ਜਾਅਲੀ ਕਾਰਡ ਬਣਾ ਕੇ ਦੇਣ ਬਦਲੇ ਉਹ 500 ਤੋਂ ਲੈ ਕੇ 1500 ਰੁਪਏ ਪ੍ਰਤੀ ਕਾਰਡ ਵਸੂਲ ਕਰ ਰਹੇ ਸਨ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਜਲੰਧਰ ਤੋਂ ਇਲਾਵਾ ਤਰਨ ਤਾਰਨ ਤੇ ਅੰਮ੍ਰਿਤਸਰ ਵਿਚ ਵੀ ਲੋਕਾਂ ਨੂੰ ਜਾਅਲੀ ਆਯੂਸ਼ਮਾਨ ਕਾਰਡ ਬਣਾ ਕੇ ਦਿੱਤੇ ਸਨ। ਫੜੇ ਗਏ ਸੱਤਪਾਲ ਤੇ ਉਸ ਦਾ ਪੁੱਤਰ ਅਨਮੋਲ ਅਜਨਾਲਾ ਦੇ ਰਹਿਣ ਵਾਲੇ ਹਨ। ਮੌਕੇ ’ਤੇ ਉਨ੍ਹਾਂ ਕੋਲੋਂ 63 ਜਾਅਲੀ ਕਾਰਡ ਬਰਾਮਦ ਹੋਏ। ਜਦੋਂ ਪੁਲੀਸ ਨੇ ਉਨ੍ਹਾਂ ਦੇ ਟਿਕਾਣੇ ’ਤੇ ਛਾਪੇਮਾਰੀ ਕੀਤੀ ਤਾਂ ਉਥੋਂ ਵੀ ਜਾਅਲੀ ਕਾਰਡ ਬਰਾਮਦ ਹੋਏ, ਜਿਨ੍ਹਾਂ ਦੀ ਕੁੱਲ ਗਿਣਤੀ 161 ਬਣਦੀ ਹੈ।ਪੁੱਛਗਿੱਛ ਦੌਰਾਨ ਸੱਤਪਾਲ ਨੇ ਦੱਸਿਆ ਕਿ ਅੰਮ੍ਰਿਤਸਰ ’ਚ ਉਹ ਕਰਿਆਨੇ ਦੀ ਦੁਕਾਨ ਕਰਦਾ ਸੀ ਤੇ ਉਸ ਦੇ ਪੁੱਤਰ ਅਨਮੋਲ ਨੇ ਸਾਲ 2019 ਵਿਚ ਕੰਪਿਊਟਰ ਕੋਰਸ ਕੀਤਾ ਸੀ। ਬਾਅਦ ਵਿਚ ਉਸ ਨੇ ਆਯੂਸ਼ਮਾਨ ਸਕੀਮ ਤਹਿਤ ਕਾਰਡ ਬਣਾਉਣ ਦੀ ਏਜੰਸੀ ਲਈ ਸੀ। ਪਹਿਲਾਂ ਉਹ ਅਸਲੀ ਕਾਰਡ ਬਣਾਉਂਦਾ ਸੀ ਤੇ ਬਦਲੇ ਵਿਚ 50 ਰੁਪਏ ਮਿਲਦੇ ਸਨ ਪਰ ਉਨ੍ਹਾਂ ਦਾ ਲਾਲਚ ਵਧਦਾ ਗਿਆ ਤੇ ਅਸਲੀ ਕਾਰਡ ਬਣਾਉਣੇ ਬੰਦ ਕਰਕੇ ਆਯੂਸ਼ਮਾਨ ਦੇ ਜਾਅਲੀ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ। ਸਪੈਸ਼ਲ ਅਪਰੇਸ਼ਨ ਯੂਨਿਟ ਦੇ ਇੰਚਾਰਜ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਨਾਕੇ ਦੌਰਾਨ ਪਿਓ-ਪੁੱਤਰ ਨੂੰ ਕਾਬੂ ਕੀਤਾ।