ਪੱਤਰ ਪ੍ਰੇਰਕ
ਗੜ੍ਹਸ਼ੰਕਰ, 13 ਸਤੰਬਰ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪਿੰਡਾਂ ਵਿੱਚ ਕਿਸਾਨਾਂ ਨੂੰ ਲਾਮਬੰਦ ਕਰਨ ਦੇ ਉਦੇਸ਼ ਨਾਲ ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ਸਮੁੰਦੜਾ ਵਲੋਂ ਜਥੇਬੰਦੀਆਂ ਦੇ ਆਗੂਆਂ ਹਰਮੇਸ਼ ਸਿੰਘ ਢੇਸੀ, ਭੁਪਿੰਦਰ ਸਿੰਘ ਵੜੈਚ ਅਤੇ ਕੁਲਵਿੰਦਰ ਚਾਹਲ ਦੀ ਅਗਵਾਈ ਹੇਠ ਪਿੰਡਾਂ ਵਿੱਚ ਜਨਤਕ ਇਕੱਠ ਕੀਤੇ ਗਏ। ਕਿਸਾਨਾਂ ਨੂੰ ਖੇਤੀ ਆਰਡੀਨੈਂਸਾਂ ਦੇ ਵਿਰੁੱਧ ਨਿੱਤਰਨ ਦਾ ਸੱਦਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਇਕ ਪਾਸੇ ਲੋਕਾਂ ਨੂੰ ਕਰੋਨਾ ਦਾ ਡਰ ਦੇ ਕੇ ਘਰਾਂ ਵਿੱਚ ਡੱਕਿਆ ਹੋਇਆ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਪਾਸ ਕਰ ਕੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਕੇ ਕਿਸਾਨੀ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ 14 ਸਤੰਬਰ ਨੂੰ ਫਗਵਾੜਾ ਵਿੱਚ ਲਲਕਾਰ ਰੈਲੀ ਕਰ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਤੇ (ਲੱਖੋਵਾਲ) ਦੀਆਂ ਬਲਾਚੌਰ ਇਕਾਈਆਂ ਵੱਲੋਂ ਮੀਟਿੰਗ ਕਰ ਕੇ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਪੱਲੇਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਕੇਂਦਰ ਸਰਕਾਰ ਵਲੋਂ ਜਾਰੀ ਖੇਤੀ ਆਰਡੀਨੈਂਸਾਂ ਖ਼ਿਲਾਫ਼ 15 ਸਤੰਬਰ ਨੂੰ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਐਕਸ਼ਨ ਕੀਤਾ ਜਾਵੇਗਾ। ਇਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ। ਇਸ ਮੌਕੇ ਰਾਜੇਵਾਲ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਲੱਖੋਵਾਲ ਗਰੁੱਪ ਦੇ ਰਣਜੀਤ ਸਿੰਘ ਰਟੈਂਡਾ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀਆਂ ਸਮੂੁਹ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ 15 ਸਤੰਬਰ ਨੂੰ ਇੱਕੋ ਸਮੇਂ ਕੌਮੀ ਮਾਰਗ ਜਾਮ ਕੀਤੇ ਜਾਣਗੇ।
ਭੁਲੱਥ (ਪੱਤਰ ਪ੍ਰੇਰਕ): ਅੱਜ ਬੀਕੇਯੂ ਕਾਦੀਆਂ ਦੇ ਆਗੂਆਂ ਵੱਲੋਂ ਸਬ-ਡਿਵੀਜ਼ਨ ਦੇ ਬਲਾਕ ਨਡਾਲਾ ਵਿੱਚ ਕੇਂਦਰੀ ਹਕੂਮਤ ਵਲੋਂ ਜਾਰੀ ਕੀਤੇ ਆਰਡੀਨੈਂਸਾਂ ਨੂੰ ਪਾਰਲੀਮੈਂਟ ਵਿੱਚ ਪਾਸ ਨਾ ਹੋਣ ਦੇਣ ਲਈ ਦਬਾਅ ਪਾਉਣ ਲਈ ਮੋਦੀ ਦਾ ਪੁਤਲਾ ਫੂਕਿਆ ਗਿਆ। 15 ਸਤੰਬਰ ਨੂੰ 11 ਕਿਸਾਨ ਜਥੇਬੰਦੀਆਂ ਵੱਲੋਂ ਫਗਵਾੜਾ ਵਿਚ ਅੰਮ੍ਰਿਤਸਰ-ਦਿਲੀ ਮਾਰਗ ਨੂੰ ਦੋ ਘੰਟੇ ਲਈ ਜਾਮ ਕੀਤੇ ਜਾਣ ਲਈ ਲਾਮਬੰਦ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਟਰੈਕਟਰ ਟਰਾਲੀਆਂ ਭਰ ਕੇ ਫਗਵਾੜਾ ਵਿੱਚ ਹਾਈਵੇਅ ਜਾਮ ਕਰਨ।
ਰਈਆ (ਪੱਤਰ ਪ੍ਰੇਰਕ): ਕਿਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਪਿੰਡ ਨਿੱਜਰ ਵਿਚ ਸੱਤ ਪਿੰਡਾਂ ਦੇ ਕਿਸਾਨਾਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਦਾਤਾਰ ਸਿੰਘ ਨੇ ਕਿਹਾ ਕਿ ਦੇਸ਼ ਵਿਚ 1947 ਤੋਂ ਬਾਅਦ ਪਹਿਲੀ ਵਾਰ ਹੈ ਕਿ ਕਿਸਾਨੀ ਦਾ ਖ਼ਾਤਮਾ ਕਰਨ ਲਈ ਇੱਕੋ ਝਟਕੇ ਤਿੰਨ ਕਿਸਾਨ ਵਿਰੋਧੀ ਬਿਲ ਪੇਸ਼ ਕਰ ਕੇ ਕਿਸਾਨੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਇਸ ਲਈ ਅੰਦੋਲਨ ਵਿਚ ਸਭ ਨੂੰ ਹਿੱਸਾ ਲੈਣਾ ਚਾਹੀਦਾ ਹੈ।
ਕੰਬਾਈਨ ਸੰਘਰਸ਼ ਕਮੇਟੀ ਵੀ ਕਿਸਾਨ ਦੀ ਹਮਾਇਤ ’ਚ ਆਈ
ਤਰਨ ਤਾਰਨ (ਗੁਰਬਖ਼ਸਪੁਰੀ): ਕੰਬਾਈਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਇੱਥੇ ਮੀਟਿੰਗ ਕਰ ਕੇ ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਦੇਸ਼ ਭਰ ਵਿਚ 15 ਸਤੰਬਰ ਨੂੰ ਕੀਤੇ ਜਾਣ ਵਾਲੇ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ ਹੈ| ਅਮਰਜੋਤ ਸਿੰਘ ਦੀਨੇਵਾਲ, ਪਰਮਜੀਤ ਸਿੰਘ ਦੁਗਲਵਾਲਾ, ਨਿਰਮਲ ਸਿੰਘ ਢੋਟੀਆਂ, ਰੇਸ਼ਮ ਸਿੰਘ ਦਰਗਾਪੁਰ ਨੇ ਕਿਹਾ ਕਿ ਕੇਂਦਰ ਦੇ ਫ਼ੈਸਲਿਆਂ ਨਾਲ ਕੰਬਾਈਨ ਮਾਲਕਾਂ ’ਤੇ ਵੀ ਮਾਰੂ ਅਸਰ ਪਵੇਗਾ। ਆਗੂਆਂ ਨੇ ਕੰਬਾਈਨਾਂ ’ਤੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਜਬਰ ਲਾਉਣ ਦਾ ਵਿਰੋਧ ਕੀਤਾ।