ਜਗਜੀਤ ਸਿੰਘ
ਮੁਕੇਰੀਆਂ, 27 ਦਸੰਬਰ
ਕੰਢੀ ਦੇ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਨਹਿਰ ਦੀ ਲੀਕੇਜ ਦੇ ਪਾਣੀ ਨੇ ਨੁਕਸਾਨ ਪੁਜਾਉਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਨਹਿਰ ਦੀ ਮੁਰੰਮਤ ਲਈ ਆਏ ਫੰਡਾਂ ਵਿੱਚ ਵਿਭਾਗੀ ਅਧਿਕਾਰੀਆਂ ਵਲੋਂ ਭ੍ਰਿਸ਼ਟਾਚਾਰ ਕੀਤਾ ਗਿਆ ਹੈ, ਜਿਸ ਕਾਰਨ ਮੁਰੰਮਤ ਦੇ ਬਾਵਜੂਦ ਦਾਤਾਰਪੁਰ ਕੋਲ ਨਹਿਰ ’ਚ ਲੀਕੇਜ ਹੋਣ ਲੱਗੀ ਹੈ। ਦੱਸਣਯੋਗ ਹੈ ਕਿ ਝੋਨੇ ਦੇ ਸੀਜ਼ਨ ਵਿੱਚ ਦਾਤਾਰਪੁਰ ਕੋਲ ਨਹਿਰ ਵਿੱਚ ਪਾੜ ਪੈ ਗਿਆ ਸੀ, ਜਿਸ ਕਾਰਨ ਪਏ ਸੋਕੇ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਸੁੱਕ ਗਈ ਸੀ। ਨਹਿਰ ਦੀ ਮੁਰੰਮਤ ‘ਤੇ ਲੱਖਾਂ ਰੁਪਏ ਖਰਚ ਕੇ ਪਾਣੀ ਛੱਡਿਆ ਗਿਆ ਸੀ, ਪਰ ਲੀਕੇਜ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਹੋਣ ਲੱਗੀ ਹੈ। ਇਸ ਸਬੰਧੀ ਪਿੰਡ ਨਮੋਲੀ ਹਾਰ ਦੇ ਕਿਸਾਨਾਂ ਬਲਦੇਵ ਸਿੰਘ, ਚੰਦਨ, ਤਿਲਕ ਰਾਜ, ਪੰਜਾਬ ਸਿੰਘ ਛਿੰਦਾ, ਰਣਜੀਤ ਸਿੰਘ ਅਤੇ ਰਜਨੀਸ਼ ਕੁਮਾਰ ਨੇ ਦੱਸਿਆ ਕਿ ਦਾਤਰਪੁਰ ਨੇੜਿਓਂ ਟੁੱਟੀ ਨਹਿਰ ਦੀ ਮੁਰੰਮਤ ਵਾਲੀ ਥਾਂ ਕੋਲੋਂ ਹੋ ਰਹੀ ਪਾਣੀ ਦੀ ਲੀਕੇਜ ਕਾਰਨ ਉਨ੍ਹਾਂ ਦੀ ਕਣਕ ਦੀ ਫਸਲ ਵਿੱਚ ਪਾਣੀ ਭਰਨ ਲੱਗਾ ਹੈ। ਕਣਕ ਦੀ ਫਸਲ ਵਿੱਚ ਪੈ ਰਹੇ ਲਗਾਤਾਰ ਪਾਣੀ ਕਾਰਨ ਫਸਲ ਤਬਾਹ ਹੋਣ ਲੱਗੀ, ਜਿਸ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਨਹਿਰੀ ਮੁਰੰਮਤ ਲਈ ਆਏ ਫੰਡਾਂ ਵਿੱਚ ਅਧਿਕਾਰੀਆਂ ਤੇ ਠੇਕੇਦਾਰਾਂ ਵਲੋਂ ਕੀਤੇ ਭ੍ਰਿਸ਼ਟਾਚਾਰ ਦੀ ਜਾਂਚ ਕੀਤੀ ਜਾਵੇ ਤੇ ਉਨ੍ਹਾਂ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।
ਕੀ ਕਹਿੰਦੇ ਨੇ ਐਕਸੀਅਨ
ਕੰਢੀ ਨਹਿਰ ਦੇ ਐਕਸੀਐਨ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਹਾਲੇ ਕੁਝ ਸਮਾਂ ਪਹਿਲਾਂ ਹੀ ਇੱਥੇ ਜੁਆਇਨ ਕੀਤਾ ਹੈ ਅਤੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਹ ਤੁਰੰਤ ਹੇਠਲੇ ਅਧਿਕਾਰੀਆਂ ਨੂੰ ਭੇਜ ਕੇ ਜਾਂਚ ਉਪਰੰਤ ਮਸਲੇ ਦਾ ਹੱਲ ਕਰਵਾਉਣਗੇ।