ਖੇਤੀ ਆਰਡੀਨੈਂਸਾਂ ਖ਼ਿਲਾਫ਼ ਭਖ਼ਿਆ ਕਿਸਾਨ ਅੰਦੋਲਨ

ਖੇਤੀ ਆਰਡੀਨੈਂਸਾਂ ਖ਼ਿਲਾਫ਼ ਭਖ਼ਿਆ ਕਿਸਾਨ ਅੰਦੋਲਨ

ਖੇਤੀ ਆਰਡੀਨੈਂਸਾਂ ਵਿਰੁੱਧ ਅੰਮਿ੍ਰਤਸਰ-ਨਵੀਂ ਦਿੱਲੀ ਮੁੱਖ ਮਾਰਗ ’ਤੇ ਬਿਆਸ ਪੁਲ ’ਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਅਤੇ ਆੜ੍ਹਤੀਏ ਧਰਨਾ ਦਿੰਦੇ ਹੋਏ। -ਫੋਟੋ: ਵਿਸ਼ਾਲ ਕੁਮਾਰ ਦਵਿੰਦਰ ਸਿੰਘ ਭੰਗੂ

ਰਈਆ, 15 ਸਤੰਬਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਖੇਤੀ ਆਰਡੀਨੈਂਸਾਂ ਵਿਰੁੱਧ ਧਰਨਾ ਅੱਜ ਬਿਆਸ ਪੁਲ ’ਤੇ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਆਮ ਲੋਕਾਂ ਪਾਸੋਂ ਮੁਆਫ਼ੀ ਵੀ ਮੰਗੀ ਅੱਜ ਦੂਸਰੇ ਦਿਨ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਡੀ ਗਿਣਤੀ ਵਿੱਚ ਆੜ੍ਹਤੀਆਂ ਨੇ ਧਰਨੇ ਵਾਲੀ ਜਗ੍ਹਾ ਆ ਕੇ ਕਿਸਾਨਾਂ ਦਾ ਸਮਰਥਨ ਕੀਤਾ। ਇਸ ਮੌਕੇ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਆਮ ਲੋਕਾਂ ਦੀ ਖੱਜਲ ਖ਼ੁਆਰੀ ਲਈ ਮੁਆਫ਼ੀ ਚਾਹੁੰਦੇ ਹਾਂ। ਦੇਸ਼ ਤੇ ਪੰਜਾਬ ਦੀ ਖੇਤੀ ਬਚਾਉਣ ਲਈ ਕੁਝ ਤਕਲੀਫ਼ ਜ਼ਰੂਰ ਹੋਵੇਗੀ। ਪਰ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਪਾਸ ਹੋਣ ਨਾਲ ਸਦੀਆਂ ਭਰ ਦੀ ਤਕਲੀਫ਼ ਸਹਿਣੀ ਪਵੇਗੀ। ਕਸਬਾ ਬਿਆਸ ਪੁਲ ਉੱਤੇ ਕਿਸਾਨਾਂ ਮਜ਼ਦੂਰਾਂ ਦੇ ਧਰਨੇ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਇਸ ਧਰਨੇ ਵਿੱਚ ਦਲ ਖ਼ਾਲਸਾ ਅੰਮ੍ਰਿਤਸਰ, ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਅੰਮ੍ਰਿਤਸਰ, ਜੰਡਿਆਲਾ ਗੁਰੂ ਮਜੀਠਾ, ਰਈਆ ਮੰਡੀ ਅਤੇ ਪੱਲੇਦਾਰ ਯੂਨੀਅਨਾਂ ਵੱਲੋਂ ਰਾਜਨ ਵਰਮਾ ਅਤੇ ਰਾਜੀਵ ਕੁਮਾਰ ਭੰਡਾਰੀ ਪ੍ਰਧਾਨ ਰਈਆ ਮੰਡੀ, ਅਮਨਦੀਪ ਸਿੰਘ ਛੀਨਾ ਪ੍ਰਧਾਨ ਮੰਡੀ ਭਗਤਾਂ ਵਾਲਾ, ਮਨਜਿੰਦਰ ਸਿੰਘ ਸਰਜਾ ਪ੍ਰਧਾਨ ਮੰਡੀ ਜੰਡਿਆਲਾ ਗੁਰੂ, ਰਾਕੇਸ਼ ਕੁਮਾਰ ਤੁਲੀ ਪੰਜਾਬ ਪ੍ਰਧਾਨ ਪੱਲੇਦਾਰ ਯੂਨੀਅਨ ਦੀ ਅਗਵਾਈ ਵਿੱਚ ਵੱਡੇ ਜਥਿਆਂ ਨਾਲ ਪਹੁੰਚ ਕੇ ਖੇਤੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਹਾਈ ਕੋਰਟ ਦਾ ਸਹਾਰਾ ਲੈ ਕੇ ਪੰਜਾਬ ਸਰਕਾਰ ਧਰਨਾਕਾਰੀਆਂ ਨੂੰ ਉਠਾਉਣ ਦਾ ਬਹਾਨਾ ਬਣਾ ਰਹੀ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਪਾਰਲੀਮੈਂਟ ਵਿੱਚ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ਨੂੰ ਪਿੰਡਾਂ ਵਿੱਚ ਨਾਂ ਵੜਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ, ਧੰਨਾ ਸਿੰਘ ਲਾਲੂ ਘੁੰਮਣ, ਸਤਵਿੰਦਰ ਸਿੰਘ ਸ਼ਾਹ, ਗੁਰਜੀਤ ਸਿੰਘ ਗੰਢੀਵਿੰਡ, ਜਰਨੈਲ ਸਿੰਘ ਨੂਰਦੀ, ਸਤਨਾਮ ਸਿੰਘ ਖਹਿਰਾ, ਨਿਰਮਲ ਸਿੰਘ ਸਿਧਵਾਂ, ਰਾਜ ਸਿੰਘ ਤਾਜ਼ੇ ਚੱਕ ਆਦਿ ਨੇ ਵੀ ਸੰਬੋਧਨ ਕੀਤਾ।

ਬਲਾਚੌਰ (ਗੁਰਦੇਵ ਸਿੰਘ ਗਹੂੰਣ): ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ 11 ਕਿਸਾਨ ਯੂਨੀਅਨਾਂ ਅਤੇ ਆੜ੍ਹਤੀ ਐਸੋਸੀਏਸ਼ਨਾਂ ਦੀਆਂ ਜ਼ਿਲ੍ਹਾ ਪੱਧਰੀ ਇਕਾਈਆਂ ਵੱਲੋਂ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਖਿਲਾਫ਼ ਰੋਪੜ-ਫਗਵਾੜਾ ਨੈਸ਼ਨਲ ਹਾਈਵੇਅ ’ਤੇ ਸੁੱਧਾ ਮਾਜਰਾ ਵਿਖੇ ਜ਼ਿਲ੍ਹਾ ਪੱਧਰੀ ਟਰੈਫਿਕ ਜਾਮ ਕਰਕੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਨਿਰਮਲ ਸਿੰਘ ਔਜਲਾ, ਰਣਜੀਤ ਸਿੰਘ ਰਟੈਂਡਾ, ਹਰਜੀਤ ਸਿੰਘ ਜਾਡਲੀ, ਜਸਪਾਲ ਸਿੰਘ ਜਾਡਲੀ, ਚੌਧਰੀ ਬਿਮਲ ਕੁਮਾਰ, ਅਮੋਲਕ ਸਿੰਘ ਬਾਜਵਾ, ਮਨਜਿੰਦਰ ਸਿੰਘ ਵਾਲੀਆ, ਡਾ. ਦਿਲਦਾਰ ਸਿੰਘ ਚਾਹਲ ਆਦਿ ਆਗੂਆਂ ਨੇ ਕਿਹਾ ਕਿ ਇਹ ਆਰਡੀਨੈਂਸ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਲਈ ਜਿਊਣ-ਮਰਨ ਦਾ ਸਵਾਲ ਹੈ ਅਤੇ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕਿਸਾਨ ਆਪਣਾ ਸੰਘਰਸ਼ ਖਤਮ ਨਹੀਂ ਕਰਨਗੇ। ਦੋ ਘੰਟੇ ਦੇ ਇਸ ਟਰੈਫਿਕ ਜਾਮ ਐਕਸ਼ਨ ਵਿੱਚ ਕਿਸਾਨਾਂ ਤੋਂ ਇਲਾਵਾ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ।  

ਮੁਕੇਰੀਆਂ (ਪੱਤਰ ਪੇ੍ਰਕ): ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੇ ਸੱਦੇ ’ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਕਸਬਾ ਭੰਗਾਲਾ ਵਿਖੇ ਜਲੰਧਰ ਪਠਾਨਕੋਟ ਕੌਮੀ ਮਾਰਗ ’ਤੇ ਇੱਕ ਘੰਟਾ ਸੜਕੀ ਆਵਾਜਾਈ ਠੱਪ ਰੱਖੀ ਗਈ। ਇਸ ਤੋਂ ਪਹਿਲਾਂ ਭੰਗਾਲਾ ਦੀ ਦਾਣਾ ਮੰਡੀ ਵਿਖੇ ਕਿਸਾਨਾਂ ਵਲੋਂ ਰੋਸ ਰੈਲੀ ਕੀਤੀ ਗਈ। ਇਸ ਮੌਕੇ ਬਾਪੂ ਬਲਕਾਰ ਸਿੰਘ ਮੱਲ੍ਹੀ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਹਰਦਿੱਤ ਸਿੰਘ ਮੰਝਪੁਰ ਅਤੇ ਨਿਰਮਲ ਸਿੰਘ ਥੇਹ ਬਰਨਾਲਾ ਆਦਿ ਨੇ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਗਏ ਖੇਤੀ ਆਰਡੀਨੈਂਸ ਕਿਸਾਨੀ ਨੂੰ ਤਬਾਹ ਕਰਨ ਵਾਲੇ ਹਨ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਹਨ। 

ਸ੍ਰੀ ਹਰਗੋਬਿੰਦਪੁਰ ਵਿੱਚ ਖੇਤੀ ਆਰਡੀਨੈਂਸਾਂ ਵਿਰੁੱਧ
ਧਰਨਾ ਦਿੰਦੇ ਹੋਏ ਕਿਸਾਨ। -ਫ਼ੋਟੋ: ਰਾਣਾ

ਸ੍ਰੀ ਹਰਗੋਬਿੰਦਪੁਰ (ਗੁਰਭੇਜ ਸਿੰਘ ਰਾਣਾ): ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਖੇਤੀ ਆਰਡੀਨੈਂਸਾਂ ਦੇ ਵਿਰੁੱਧ ਸ੍ਰੀ ਹਰਗੋਬਿੰਦਪੁਰ-ਟਾਂਡਾ ਰੋਡ ’ਤੇ ਬਿਆਸ ਦਰਿਆ ਦੇ ਪੁਲ ’ਤੇ ਚੱਕਾ ਜਾਮ ਕੀਤਾ ਗਿਆ ਸੀ ਜੋ ਕਿ ਅੱਜ ਦੂਸਰੇ ਦਿਨ ਵਿੱਚ ਸ਼ਾਮਿਲ ਹੋ ਗਿਆ। ਇਸ ਧਰਨੇ ਦੀ ਅਗਵਾਈ  ਹਰਵਿੰਦਰ ਸਿੰਘ ਖੁਜਾਲਾ, ਬਖ਼ਸ਼ੀਸ਼ ਸਿੰਘ, ਸੋਹਣ ਸਿੰਘ ਗਿੱਲ, ਨਿਸ਼ਾਨ ਸਿੰਘ ਨਡਾਲਾ, ਪਰਮਜੀਤ ਸਿੰਘ ਭੱਲਾ ਨੇ ਕੀਤੀ। ਧਰਨੇ ਵਿੱਚ ਸ਼ਾਮਲ ਹਜ਼ਾਰਾਂ ਕਿਸਾਨਾਂ ਵੱਲੋਂ ਸਰਕਾਰ ਵੱਲੋਂ ਜਾਰੀ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਤੇ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਫਗਵਾੜਾ (ਜਸਬੀਰ ਸਿੰਘ ਚਾਨਾ): ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ’ਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਫਗਵਾੜਾ ਦੇ ਜੀ.ਟੀ.ਰੋਡ ’ਤੇ ਸ਼ੂਗਰ ਮਿੱਲ ਚੌਂਕ ’ਚ ਦੁਪਹਿਰ 12 ਤੋਂ 2 ਵਜੇ ਤੱਕ ਧਰਨਾ ਲਗਾ ਕੇ ਆਵਾਜਾਈ ਠੱਪ ਰੱਖੀ ਅਤੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੀ ਅਗਵਾਈ ’ਚ ਸਮੁੱਚੇ ਪੰਜਾਬ ’ਚ ਕੀਤੇ ਗਏ ਪ੍ਰਦਰਸ਼ਨਾ ਦੀ ਲੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਦੋਆਬਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬੀਕੇ ਯੂ ਲੱਖੋਵਾਲ, ਬੀ ਕੇ ਯੂ ਰਾਜੇਵਾਲ, ਗੰਨਾ ਸੰਘਰਸ਼ ਕਮੇਟੀ ਦਸੂਹਾ ਆਦਿ ਜਥੇਬੰਦੀਆਂ ਵਲੋਂ ਫਗਵਾੜਾ ਵਿੱਖੇ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਕਿਸਾਨ ਮਾਰੂ ਆਰਡੀਨੈਂਸਾਂ ’ਚ ਕੀਤੀਆਂ ਤਬਦੀਲੀਆਂ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਜਾਂ ਵਾਪਸ ਕਰਵਾਉਣ ਲਈ ਦਾਣਾ ਮੰਡੀ ਫਗਵਾੜਾ ਵਿੱਖੇ ਇਕੱਠ ਕੀਤਾ ਗਿਆ। ਕਿਸਾਨਾਂ ਵਲੋਂ ਅੱਜ ਜੀ.ਟੀ.ਰੋਡ ਜਾਮ ਕਰਨ ਦੇ ਸਬੰਧ ’ਚ ਪੁਲੀਸ ਪ੍ਰਸਾਸ਼ਨ ਵਲੋਂ ਪੂਰੀ ਚੌਂਕਸੀ ਵਰਤੀ ਗਈ। ਐਸ.ਐਸ.ਪੀ. ਜਸਪ੍ਰੀਤ ਸਿੰਘ ਸਿੱਧੂ ਨੇ ਅੱਜ ਸਵੇਰੇ ਫਗਵਾੜਾ ਪੁੱਜ ਕੇ ਸੁਰੱਖਿਆ ਪ੍ਰਬੰਧਾਂ ਦਾ ਖੁਦ ਜਾਇਜ਼ਾ ਲਿਆ।

 ਭਿੱਖੀਵਿੰਡ (ਨਰਿੰਦਰ ਸਿੰਘ): ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਆੜ੍ਹਤੀਆਂ ਵਲੋਂ ਆਵਾਜ਼ ਬੁਲੰਦ ਕਰਦੇ ਹੋਏ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਆੜ੍ਹਤੀਏ ਐਸੋਸੀਏਸ਼ਨ ਗੰਡੀਵਿੰਡ ਧੱਤਲ ਦੇ ਪ੍ਰਧਾਨ ਸੁਖਜਿੰਦਰ ਸਿੰਘ ਨਿੱਕੂ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਸਬੰਧੀ ਆਰਡੀਨੈਂਸ ਕਿਸਾਨ ਮਜ਼ਦੂਰ ਵਿਰੋਧੀ ਹਨ। ਇਨ੍ਹਾਂ ਆਰਡੀਨੈਂਸਾਂ ਨਾਲ ਦੇਸ਼ ਦੀ ਖੇਤੀ ਤਬਾਹ ਹੋ ਜਾਵੇਗੀ ਅਤੇ  ਦੇਸ਼ ਦਾ ਅੰਨਦਾਤਾ ਕਿਸਾਨ ਤੇ ਮਿਹਨਤਕਸ਼ ਖੇਤ ਮਜ਼ਦੂਰ ਦੋ ਵਕਤ ਦੀ ਰੋਟੀ ਤੋਂ ਆਤਰ ਹੋ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All