ਭਗਵਾਨ ਦਾਸ ਸੰਦਲ
ਦਸੂਹਾ, 28 ਦਸੰਬਰ
ਇੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਪਾਨੀ ਕਲੋਨੀ, ਪਿੰਡ ਕੂਲੀਆ, ਬੁਧੋਬਰਕਤ ਤੇ ਪਨੰਵਾ ਵਿੱਚ ਜੀਓ ਕੰਪਨੀ ਦੇ ਮੋਬਾਈਲ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਬਿਜਲੀ ਕੁਨੈਕਸ਼ਨ ਕੱਟੇ ਜਾਣ ਕਾਰਨ ਜੀਓ ਦੀ ਰੇਂਜ ਘਟਣ ਨਾਲ ਜਿੱਥੇ ਜੀਓ ਦੇ ਸਿਮਾਂ ਦੀ ਵਿਕਰੀ ਵੱਡੀ ਪੱਧਰ ’ਤੇ ਪ੍ਰਭਾਵਿਤ ਹੋਈ ਹੈ ਉੱਥੇ ਹੀ ਪੁਰਾਣੇ ਉਪਭੋਗਤਾਵਾਂ ਵੱਲੋਂ ਜੀਓ ਦੇ ਸਿਮਾਂ ਨੂੰ ਏਅਰਟੈੱਲ, ਆਈਡੀਆ ਵਿੱਚ ਪੋਰਟ ਕਰਵਾਉਣ ਦਾ ਰੁਝਾਣ ਵਧਿਆ ਹੈ। ਏਅਰਟੈੱਲ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਇਕ ਹਫ਼ਤੇ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਜੀਓ ਦੇ ਸਿਮ ਏਅਰਟੈਲ ਵਿੱਚ ਪੋਰਟ ਹੋਏ ਹਨ। ਇਸ ਦੌਰਾਨ ਕਿਸਾਨ ਆਗੂ ਧਰਮਿੰਦਰ ਸਿੰਘ, ਭੁਪਿੰਦਰ ਸਿੰਘ ਜੋਨੀ ਘੁੰਮਣ, ਜਰਨੈਲ ਸਿੰਘ ਗੜਦੀਵਾਲਾ, ਗੁਰਜੀਤ ਸਿੰਘ ਨੀਲਾ ਨਲੋਆ ਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਲੋਕ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਅੰਬਾਨੀ ਤੇ ਅਡਾਨੀ ਕਾਰਪੋਰੇਟਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਇਲਾਕੇ ਦੇ ਪਿੰਡ ਬਾਹਮਣੀਆਂ, ਨੰਗਲ ਅੰਬੀਆਂ, ਮੱਲੀਆਂ ਕਲਾਂ, ਬੀਟਲ ਝੁੱਗੀਆਂ ਅਤੇ ਕਸਬਾ ਲੋਹੀਆਂ ਖ਼ਾਸ ਵਿੱਚ ਜੀਓ ਕੰਪਨੀ ਦੇ ਲਗਾਏ ਟਾਵਰਾਂ ਨੂੰ ਬੰਦ ਕਰਵਾ ਦਿੱਤਾ। ਕਿਸਾਨ ਜਥੇਬੰਦੀਆਂ ਵੱਲੋਂ ਲੋਹੀਆਂ ਖਾਸ ਅਤੇ ਸ਼ਾਹਕੋਟ ਵਿੱਚ ਜੀਓ ਦੇ ਦਫਤਰ ਵੀ ਬੰਦ ਕਰਵਾਏ ਗਏ ਹਨ। ਲੋਹੀਆਂ ਖਾਸ ਦੇ ਡੀਲਰਾਂ ਨੇ ਤਾਂ ਜੀਓ ਦੇ ਸਿਮ ਨਾ ਵੇਚਣ ਦਾ ਫੈਲਸਾ ਲਿਆ ਹੈ।
ਚੋਹਲਾ ਸਾਹਿਬ (ਤੇਜਿੰਦਰ ਸਿੰਘ): ਪਿਦੀ ਗਰੁੱਪ ਦੇ ਆਗੂ ਬਲਵਿੰਦਰ ਸਿੰਘ ਨੇ ਅੱਜ ਵੱਡੀ ਗਿਣਤੀ ਕਿਸਾਨਾਂ ਦੀ ਹਾਜ਼ਰੀ ਵਿੱਚ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਮੋਹਨਪੁਰਾ ਵਿੱਚ ਜੀਓ ਦਾ ਟਾਵਰ ਬੰਦ ਕਰ ਦਿੱਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸੇ ਗਰੁੱਪ ਦੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਕਾਮਾਗਾਟਾ ਮਾਰੂ ਜ਼ੋਨ ਸਰਹਾਲੀ ਨੇ ਵੱਡੀ ਗਿਣਤੀ ਕਿਸਾਨ ਮਜ਼ਦੂਰਾਂ ਦੀ ਹਾਜ਼ਰੀ ਵਿੱਚ ਥਾਣਾ ਸਰਹਾਲੀ ਦੇ ਪਿੰਡ ਵਿੱਚ ਜੀਓ ਦਾ ਟਾਵਰ ਬੰਦ ਕੀਤਾ ਅਤੇ ਕੇਂਦਰ ਸਰਕਾਰ ਖਿ਼ਲਾਫ਼ ਨਾਅਰੇਬਾਜ਼ੀ ਕੀਤੀ।
ਦਿੱਲੀ ਮੋਰਚੇ ’ਚ ਸ਼ਾਮਲ ਹੋਣ ਲਈ ਜਥੇ ਰਵਾਨਾ
ਤਰਨ ਤਾਰਨ (ਪੱਤਰ ਪ੍ਰੇਰਕ): ਦਿੱਲੀ ਦੇ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਲਈ ਅੱਜ ਇਲਾਕੇ ਦੇ ਪਿੰਡ ਬਾਗੜੀਆਂ ਤੋਂ 25 ਮੈਂਬਰਾਂ ਦਾ ਇਕ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ, ਜਿਸ ਲਈ ਪਿੰਡ ਤੋਂ ਇੰਗਲੈਂਡ ਗਏ ਜਰਮਨਜੀਤ ਸਿੰਘ ਨੇ ਸਹਿਯੋਗ ਦਿੱਤਾ ਹੈ|ਇਸ ਦੇ ਨਾਲ ਹੀ ਅੱਜ ਸੰਘਾ ਪਿੰਡ ਤੋਂ 15 ਮੈਂਬਰਾਂ ਦਾ ਜਥਾ ਰਵਾਨਾ ਹੋਇਆ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪਿੰਡ ਉੱਧੋਵਾਲ ਅਤੇ ਉਮਰਪੁਰ ਤੋਂ ਚੱਲਿਆ ਬੀਬੀਆਂ ਤੇ ਕਿਸਾਨਾਂ ਦਾ ਜਥਾ ਸਿੰਘੂ ਦਿੱਲੀ ਕਿਸਾਨ ਮੋਰਚੇ ਵਿੱਚ ਲੋੜੀਂਦਾ ਸਾਮਾਨ ਲੈ ਕੇ ਪੁੱਜ ਗਿਆ ਹੈ। ਅੱਜ ਸਵੇਰੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਿਰਕਤ ਕਰਨ ਵਾਲੇ ਯੂਨੀਅਨ ਦੇ ਆਗੂ ਬਲਜੀਤ ਬੀਤੀ ਤੇ ਕੇਵਲ ਸਿੰਘ ਉੱਗੀ ਬੀਈਓ ਨੇ ਕਿਹਾ ਕਿ ਯੂਨੀਅਨ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਸਰਦੀ ਨੂੰ ਬਿਸਤਰੇ ਕਿਸਾਨ ਮੋਰਚੇ ਵਿੱਚ ਪਹੁੰਚਾਉਣ ਦੀ ਅਪੀਲ ਕੀਤੀ ਗਈ ਸੀ ਜਿਸ ਨੂੰ ਕਿਸਾਨ ਪਰਿਵਾਰਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਰਪ੍ਰਸਤ ਸੁਖਰਾਜ ਸਿੰਘ ਛੀਨਾ, ਸੂਬਾਈ ਆਗੂ ਬਲਦੇਵ ਸਿੰਘ ਸੰਧੂ, ਜ਼ਿਲ੍ਹਾ ਆਗੂ ਹੁਸ਼ਿਆਰ ਸਿੰਘ ਝੰਡੇਰ ਦੀ ਅਗਵਾਈ ਵਿਚ ਪਿੰਡ ਤੇੜਾਂ ਕਲਾਂ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ 25ਵਾਂ ਜਥਾ ਰਵਾਨਾ ਹੋਇਆ, ਜਿਸ ਦੀ ਅਗਵਾਈ ਬਾਬਾ ਸੁੱਚਾ ਸਿੰਘ ਤੇੜਾ ਨੇ ਕੀਤੀ।