ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਜੁਲਾਈ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਅੱਜ ਦੇਰ ਸ਼ਾਮ ਜਲੰਧਰ ਵਿੱਚ ਰਿਲਾਇੰਸ ਜਿਊਲਰ ਦਾ ਸ਼ੋਅਰੂਮ ਬੰਦ ਕਰਵਾਇਆ। ਸ਼ੋਅਰੂਮ ਬੰਦ ਕਰਾਉਣ ਤੋਂ ਪਹਿਲਾਂ ਰਿਲਾਇੰਸ ਦੇ ਸਟਾਫ ਤੇ ਕਿਸਾਨਾਂ ਵਿਚ ਤਿੱਖੀ ਬਹਿਸਬਾਜ਼ੀ ਵੀ ਹੋਈ। ਮਾਡਲ ਟਾਊਨ ਵਿਚਲਾ ਸ਼ੋਅਰੂਮ ਬੰਦ ਕਰਾਉਣ ਆਏ ਕਿਸਾਨਾਂ ਨੂੰ ਸਟਾਫ ਨੇ ਕਿਹਾ ਕਿ ਰਿਲਾਇੰਸ ਉਨ੍ਹਾਂ ਨੂੰ ਤਨਖ਼ਾਹ ਦਿੰਦਾ ਹੈ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਸਟਾਫ ਨੂੰ ਤਨਖ਼ਾਹ ਦੇ ਦਿਓ, ਉਹ ਸ਼ੋਅਰੂਮ ਬੰਦ ਕਰ ਦਿੰਦੇ ਹਨ। ਕਿਸਾਨ ਜਦੋਂ ਸ਼ੋਅਰੂਮ ਅੱਗੇ ਬੈਠ ਗਏ ਤਾਂ ਹਾਲਾਤ ਵਿਗੜਦੇ ਦੇਖ ਕੇ ਪੁਲੀਸ ਨੇ ਸ਼ੋਅਰੂਮ ਬੰਦ ਕਰਵਾ ਦਿੱਤਾ।
ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ ਸਾਢੇ ਸੱਤ ਮਹੀਨਿਆਂ ਤੋਂ ਦਿੱਲੀ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਹਨ, ਇਸ ਦੇ ਬਾਵਜੂਦ ਕੇਂਦਰ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ। ਖੇਤੀ ਸੁਧਾਰ ਕਾਨੂੰਨਾਂ ਦੀ ਓਟ ਹੇਠ ਵੱਡੇ ਉਦਯੋਗਪਤੀਆਂ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ ਜਿਸ ਵਿਚ ਰਿਲਾਇੰਸ ਦਾ ਮੁਕੇਸ਼ ਅੰਬਾਨੀ ਵੀ ਸ਼ਾਮਲ ਹੈ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਸ਼ੋਅਰੂਮ ਬੰਦ ਕਰਵਾਇਆ ਸੀ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਫਿਰ ਖੋਲ੍ਹ ਲਿਆ। ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਆਪਣੇ ਕਾਰੋਪਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਜ਼ਿੱਦ ’ਤੇ ਅੜੀ ਹੋਈ ਹੈ। ਕਿਸਾਨਾਂ ਨੇ ਲੋਕਾਂ ਨੂੰ ਕਿਹਾ ਕਿ ਅੱਜ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਮਹਿੰਗੇ ਭਾਅ ਲੈ ਰਹੇ ਹਨ ਤੇ ਜੇ ਖੇਤੀ ਦਾ ਕੰਟਰੋਲ ਉਦਯੋਗਪਤੀਆਂ ਕੋਲ ਚਲਾ ਗਿਆ ਤਾਂ ਲੋਕਾਂ ਨੂੰ ਆਟਾ ਵੀ ਮਹਿੰਗੇ ਭਾਅ ਖ੍ਰੀਦਣਾ ਪਵੇਗਾ।