ਪੱਤਰ ਪ੍ਰੇਰਕ
ਸ਼ਾਹਕੋਟ, 30 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਾਹਕੋਟ ਨੇ ਚੱਕ ਬਾਹਮਣੀਆਂ ਦੇ ਟੌਲ ਪਲਾਜ਼ਾ (ਕਾਵਾਂ ਵਾਲਾ ਪੱਤਣ) ਉੱਪਰ ਆਬਾਦਕਾਰਾਂ ਦੇ ਹੱਕ ਵਿਚ ਜਗਦੀਸ਼ ਪਾਲ ਸਿੰਘ ਦੀ ਅਗਵਾਈ ਹੇਠ ਧਰਨਾ ਲਗਾਇਆ। ਜ਼ਿਲ੍ਹਾ ਜਥੇਬੰਦਕ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਵੱਲੋਂ ਖੂਨ ਪਸੀਨਾ ਵਹਾ ਕੇ ਆਬਾਦ ਕੀਤੀਆਂ ਜ਼ਮੀਨਾਂ ਨੂੰ ਖੋਹ ਕੇ ਸਰਕਾਰ ਆਬਾਦਕਾਰਾਂ ਨੂੰ ਭਿਖਾਰੀ ਬਣਾ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਉਨ੍ਹਾਂ ਦੀ ਜਥੇਬੰਦੀ ਤਹਿਸੀਲ ਸ਼ਾਹਕੋਟ ਦੇ ਆਬਾਦਕਾਰਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਹਰ ਕੁਰਬਾਨੀ ਕਰੇਗੀ।
ਜ਼ਿਲ੍ਹਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਤਹਿਸੀਲ ਦੀਆਂ ਸੁਸਾਇਟੀਆਂ ਵਿਚ ਖਾਦ ਦੀ ਪਾਈ ਜਾ ਰਹੀ ਘਾਟ ਨੂੰ ਪੂਰਾ ਕਰਨ ਅਤੇ ਖਾਦ ਦੇ ਨਾਲ ਹੋਰ ਗ਼ੈਰ-ਜ਼ਰੂਰੀ ਵਸਤੂਆਂ ਧੱਕੇ ਨਾਲ ਦੇਣ ਦੀ ਪ੍ਰਵਿਰਤੀ ਨੂੰ ਬੰਦ ਕਰਨ ਦੀ ਮੰਗ ਕੀਤੀ। ਕਿਸਾਨ ਆਗੂ ਰਜਿੰਦਰ ਸਿੰਘ, ਕੁਲਦੀਪ ਰਾਏ ਅਤੇ ਸ਼ੇਰ ਸਿੰਘ ਆਦਿ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।