ਪੱਤਰ ਪ੍ਰੇਰਕ
ਟਾਂਡਾ, 18 ਅਕਤੂਬਰ
ਇਥੇ ਪਿੰਡ ਪੁਲ ਪੁਖਤਾ ਵਿੱਚ ਅੱਜ ਕਿਸਾਨਾਂ ਨੇ ਬੇਲਰ ਮਾਲਕਾਂ ਵੱਲੋਂ ਖੇਤਾਂ ਵਿੱਚੋਂ ਪਰਾਲੀ ਚੁੱਕਣ ਦੇ ਪੈਸੇ ਵਸੂਲੇ ਜਾਣ ਦੇ ਵਿਰੋਧ ਵਿੱਚ ਬੇਲਰ ਮਾਲਕ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦੀ ਇਸ ਸਮੱਸਿਆ ਸਬੰਧੀ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਆਗੂ ਅਮਰਜੀਤ ਸਿੰਘ ਰੜ੍ਹਾ ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਮੌਕੇ ’ਤੇ ਪਹੁੰਚ ਕੇ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ| ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਟਾਂਡਾ ਲਵਜੀਤ ਸਿੰਘ ਵੱਲੋਂ ਦੋਹਾਂ ਧਿਰਾਂ ਨਾਲ ਤਾਲਮੇਲ ਕਰਵਾ ਕੇ ਜੱਦੋ-ਜਹਿਦ ਮਗਰੋਂ ਮਸਲੇ ਦਾ ਹੱਲ ਕਰਵਾ ਦਿੱਤਾ।
ਦਰਅਸਲ, ਮਾਮਲਾ ਇਹ ਹੈ ਕਿ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਟਾਂਡਾ ਇਲਾਕੇ ’ਚ ਨਿੱਜੀ ਬੇਲਰਾਂ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਡੰਪ ’ਤੇ ਸਟੋਰ ਕੀਤੀ ਜਾ ਰਹੀ ਹੈ| ਜਿਸ ਲਈ ਬੇਲਰ ਮਾਲਕਾਂ ਵੱਲੋਂ ਜੇ ਕਿਸੇ ਕਿਸਾਨ ਦੇ ਖੇਤ ’ਚੋਂ ਖੁਦ ਕਟਰ ਮਾਰ ਕੇ ਪਰਾਲੀ ਚੁੱਕੀ ਜਾਂਦੀ ਹੈ ਤਾਂ ਪ੍ਰਤੀ ਏਕੜ 1000 ਰੁਪਇਆ ਲਿਆ ਜਾਂਦਾ ਹੈ ਜਦੋਂਕਿ ਜੇ ਕਿਸਾਨ ਆਪ ਕਟਰ ਮਾਰਦਾ ਹੈ ਤਾਂ ਬੇਲਰ ਨੇ ਮੁਫ਼ਤ ਪਰਾਲੀ ਚੁੱਕਣੀ ਸੀ ਪਰ ਬੇਲਰ ਦੇ ਕਰਮਚਾਰੀਆਂ ਵੱਲੋਂ ਜ਼ੀਰੋ ਲੈਵਲ ’ਤੇ ਕਟਰ ਨਾ ਫਿਰਿਆ ਹੋਣ ਦਾ ਹਵਾਲਾ ਦੇ ਕੇ ਕਿਸਾਨਾਂ ਕੋਲੋਂ ਦੋਬਾਰਾ ਕਟਰ ਫੇਰ ਕੇ ਪੈਸੇ ਵਸੂਲਣ ਦੇ ਮਾਮਲੇ ਸਾਹਮਣੇ ਆਏ ਤੇ ਕਿਸਾਨਾਂ ਨੇ ਇਹ ਮਾਮਲਾ ਕਿਸਾਨ ਜਥੇਬੰਦੀਆਂ ਦੇ ਨੋਟਿਸ ਵਿੱਚ ਲਿਆਂਦਾ।
ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਦੋਸ਼ ਲਾਇਆ ਕਿ ਮੁਫ਼ਤ ਪਰਾਲੀ ਚੁੱਕਣ ਦੀ ਗੱਲ ਕਰ ਕੇ ਹੁਣ ਪੈਸੇ ਵਸੂਲੇ ਜਾ ਰਹੇ ਤੇ ਪਰਾਲੀ ਚੁੱਕਣ ’ਚ ਵੀ ਦੇਰੀ ਕੀਤੀ ਜਾ ਰਹੀ ਹੈ| ਕਿਸਾਨ ਆਗੂਆਂ ਨੇ ਆਖਿਆ ਜੇ ਉਨ੍ਹਾਂ ਦੀ ਪਰਾਲੀ ਸਮੇਂ ਸਿਰ ਨਾ ਚੁੱਕੀ ਗਈ ਤਾਂ ਉਹ ਅੱਗ ਲਾਉਣ ਲਈ ਮਜ਼ਬੂਰ ਹੋਣਗੇ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਮੌਕੇ ’ਤੇ ਪਹੁੰਚੇ ਖੇਤੀਬਾੜੀ ਵਿਕਾਸ ਅਫਸਰ ਤੇ ਬੇਲਰ ਮਾਲਕ ਨਾਲ ਕਿਸਾਨ ਆਗੂਆਂ ਨੇ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ|
ਇਸ ਮੌਕੇ ਕਿਸਾਨਾਂ ਤੇ ਬੇਲਰ ਮਾਲਕ ’ਚ ਹੋਈ ਸਹਿਮਤੀ ਅਨੁਸਾਰ ਜੋ ਕਿਸਾਨ ਆਪ ਖੇਤ ’ਚ ਕਟਰ ਮਾਰੇਗਾ ਉਸ ਕੋਲੋਂ ਪਰਾਲੀ ਚੁੱਕਣ ਦੇ ਪੈਸੇ ਨਹੀਂ ਲਏ ਜਾਣਗੇ।