ਪੱਤਰ ਪ੍ਰੇਰਕ
ਫਗਵਾੜਾ, 19 ਅਗਸਤ
ਫਗਵਾੜਾ ਸ਼ੂਗਰ ਮਿੱਲ ਵੱਲ ਕਿਸਾਨਾਂ ਦੀ ਬਕਾਇਆ 72 ਕਰੋੜ ਰੁਪਏ ਦੀ ਅਦਾਇਗੀ ਨੂੰ ਲੈ ਕੇ ਸ਼ੁਰੂ ਕੀਤਾ ਧਰਨਾ ਅੱਜ 12ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ ਤੇ ਕਿਸਾਨਾਂ ਵਲੋਂ ਅੱਜ ਸਟੇਜ ਚਲਾਈ ਗਈ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਵਿਕਰਮਜੀਤ ਸਿੰਘ, ਸਰਕਲ ਪ੍ਰਧਾਨ ਸ਼ੰਕਰ ਜਥੇਦਾਰ ਤਰਸੇਮ ਸਿੰਘ, ਸਰਕਲ ਪ੍ਰਧਾਨ ਸਰਕਪ੍ਰੀਤ ਸਿੰਘ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਆਦਿ ਆਗੂਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਲਗਾਏ ਧਰਨੇ ਨੂੰ ਅੱਜ 12 ਦਿਨ ਹੋ ਗਏ ਹਨ ਤੇ ਕੋਈ ਹੱਲ ਨਹੀਂ ਹੋਇਆ। ਕਿਸਾਨ ਸੜਕਾਂ ’ਤੇ ਰੁਲਣ ਲਈ ਮਜਬੂਰ ਹਨ ਪਰ ਇਹ ਮਾਮਲਾ ਕਿਸੇ ਪਾਸੇ ਵੀ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੈਂਕਾ ਦੇ ਵਿਆਜ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮਿੱਲ ਮਾਲਕਾਂ ਵੱਲ ਖੜ੍ਹਾ ਬਕਾਇਆ ਕਿਸਾਨਾਂ ਨੂੰ ਦਿਵਾੲਆ ਜਾਵੇ ਅਤੇ ਸਰਕਾਰ ਅੱਗੇ ਤੋਂ ਮਿੱਲ ਚਲਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਖੱਜਲ ਨਾ ਹੋਣਾ ਪਵੇ।