ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 10 ਮਈ
ਕਿਸਾਨ ਕਮੇਟੀ ਨਾਲ ਜੁੜੇ ਸੈਂਕੜੇ ਕਿਸਾਨ ਅੱਜ ਦਿੱਲੀ ਅੰਦੋਲਨ ਲਈ ਰਵਾਨਾ ਹੋਏ। ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਚੌਲਾਂਗ ਟੌਲ ਪਲਾਜ਼ਾ ’ਤੇ ਧਰਨੇ ਦੇ 218ਵੇਂ ਦਿਨ ਜਥੇ ਨੂੰ ਲੈ ਕੇ ਦਿੱਲੀ ਰਵਾਨਾ ਹੁੰਦੇ ਹੋਏ ਆਗੂਆਂ ਅਤੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਧਾਨ ਜੰਗਵੀਰ ਸਿੰਘ, ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਤਪਾਲ ਸਿੰਘ ਗੁਰਾਇਆ ਤੇ ਰਤਨ ਸਿੰਘ ਖੋਖਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਨੂੰ ਹੋਰ ਬੁਲੰਦ ਕਰਨ ਲਈ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰ ਦਿੱਲੀ ਕੂਚ ਕਰਨਗੇ। ਇਸ ਮੌਕੇ ਪਲਾਜ਼ਾ ਤੋਂ ਟਾਂਡਾ, ਦਸੂਹਾ ਅਤੇ ਮਿਆਣੀ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਲਈ ਰਵਾਨਾ ਹੋਏ।
ਭੁਲੱਥ (ਦਲੇਰ ਸਿੰਘ ਚੀਮਾ): ਇਥੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਲਿੱਟਾਂ ਨੇ ਦੱਸਿਆ ਕਿ ਕਣਕ ਦੀ ਕਟਾਈ ਤੇ ਸਾਂਭ ਸੰਭਾਲ ਤੋਂ ਬਾਅਦ ਅੱਜ ਤੋਂ ਕਿਸਾਨ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਜਥੇ ਜਾਣੇ ਸ਼ੁਰੂ ਹੋ ਗਏ ਹਨ। ਇਸ ਤਹਿਤ ਭੁਲੱਥ ਤੋਂ ਇਹ ਜਥਾ ਕਰਤਾਰਪੁਰ ਦੀ ਦਾਣਾ ਮੰਡੀ ਵਿੱਚ ਰੁਕੇਗਾ ਜਿਥੇ ਕਰਤਾਰਪੁਰ ਤੇ ਕਪੂਰਥਲਾ ਤੋਂ ਕਿਸਾਨ ਇਸ ਜਥੇ ਵਿਚ ਸ਼ਾਮਲ ਹੋਣਗੇ ਤੇ ਅੱਗੇ ਇਹ ਜਥਾ ਚਾਲੇ ਪਾਵੇਗਾ।
ਕਿਸਾਨਾਂ ਲਈ ਕਣਕ ਦੀ ਰਸਦ ਭੇਜੀ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਭੈਣੀ ਮੀਆਂ ਖਾਂ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਲਈ ਕਣਕ ਦੀ ਸੇਵਾ ਭੇਜੀ ਹੈ। ਇਸ ਸਬੰਧੀ ਸੰਯੁਕਤ ਮੋਰਚਾ ਦੇ ਆਗੂ ਸਤਨਾਮ ਸਿੰਘ ਅਤੇ ਮਨਜੀਤ ਸਿੰਘ ਰਿਆੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਲਾਕੇ ਦੇ ਕਿਸਾਨਾਂ ਆੜ੍ਹਤੀਆਂ ਅਤੇ ਹੋਰ ਕਿਰਤੀਆਂ ਦੇ ਸਹਿਯੋਗ ਨਾਲ ਇਹ ਰਸਦ ਭੇਜੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਸੰਯੁਕਤ ਕਿਸਾਨ ਯੂਨੀਅਨ ਵਿੱਚ ਜਿੱਥੇ ਕਿਸਾਨਾਂ ਲਈ ਲੰਗਰ ਪਾਣੀ ਦੇ ਰਹੇ ਹਨ ਉੱਥੇ ਲੋੜਵੰਦਾਂ ਅਤੇ ਦਿੱਲੀ ਦੇ ਲੋਕਾਂ ਨੇ ਵੀ ਲੰਗਰਾਂ ਦੀ ਸੇਵਾ ਕੀਤੀ ਹੈ।