ਪੱਤਰ ਪ੍ਰੇਰਕ
ਟਾਂਡਾ, 29 ਜਨਵਰੀ
ਸੂਬਾ ਕਮੇਟੀ ਦੇ ਸੱਦੇ ‘ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਟਾਂਡਾ ਦੇ ਰੇਲਵੇ ਸਟੇਸ਼ਨ ‘ਤੇ ਇਕ ਤੋਂ ਚਾਰ ਵਜੇ ਤੱਕ ਤਿੰਨ ਘੰਟਿਆਂ ਲਈ ਧਰਨਾ ਦਿੱਤਾ ਗਿਆ। ਇਥੇ ਰੇਲਵੇ ਟਰੈਕ ‘ਤੇ ਲਗਾਏ ਗਏ ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬੇਗੋਵਾਲ ਨੇ ਕੀਤੀ। ਇਸ ਮੌਕੇ ਸੂਬਾ ਆਗੂ ਸਵਿੰਦਰ ਸਿੰਘ ਚੋਟਾਲਾ, ਜਗਦੀਪ ਸਿੰਘ ਜੱਗੀ, ਕਸ਼ਮੀਰ ਸਿੰਘ ਫੱਤਾ ਕੁੱਲਾ ਨੇ ਕਿਹਾ ਕਿ ਅੱਜ ਦੇ ਦਿਨ 29 ਜਨਵਰੀ 2021 ਨੂੰ ਕਿਸਾਨ ਅੰਦੋਲਨ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ‘ਤੇ ਦਿੱਲੀ ਵਿਖੇ ਭਾਜਪਾ ਅਤੇ ਆਰਐਸਐਸ ਆਗੂਆਂ ਨੇ ਹਮਲਾ ਕਰਕੇ ਕਿਸਾਨਾਂ ਨੂੰ ਜ਼ਖਮੀ ਕੀਤਾ ਸੀ। ਇਸ ਮੌਕੇ ਧਰਨਾਕਾਰੀ ਕਿਸਾਨਾਂ ਅਤੇ ਮਜ਼ਦੂਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਵਿੱਚ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ‘ਚ ਡੱਕਿਆ ਜਾਵੇ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਮੰਗੀ ਹੋਈ ਮੰਗ ਮੁਤਾਬਿਕ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ, ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਬੰਦੀ ਸਿੰਘਾਂ ਅਤੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚੋ ਤੁਰੰਤ ਰਿਹਾਅ ਕੀਤਾ ਜਾਵੇ, ਬਿਜਲੀ ਬੋਰਡ ਸੋਧ ਐਕਟ 2022 ਰੱਦ ਕੀਤਾ ਜਾਵੇ। ਸੁਰੱਖਿਆ ਵਿਵਸਥਾ ਲਈ ਵੱਡੀ ਗਿਣਤੀ ਵਿਚ ਰੇਲਵੇ ਅਤੇ ਪੰਜਾਬ ਪੁਲੀਸ ਅਧਿਕਾਰੀ ਮੌਜੂਦ ਰਹੇ। ਇਸ ਮੌਕੇ ਦਵਿੰਦਰ ਸਿੰਘ ਕਾਹਲੋਂ, ਲਖਬੀਰ ਸਿੰਘ, ਕਮਲਜੀਤ ਕੌਰ, ਜਸਵਿੰਦਰ ਸਿੰਘ ਚੌਹਾਨ, ਹਰਪ੍ਰੀਤ ਸਿੰਘ ਬੈਚਾਂ, ਅਮਨਦੀਪ ਕੌਰ, ਰਾਮਜੀਤ ਕੌਰ, ਜਸਵੀਰ ਕੋਰ, ਮਨਿੰਦਰ ਕੌਰ, ਸਤਨਾਮ ਸਿੰਘ, ਗੁਰਜੀਤ ਸਿੰਘ , ਅਮਰਜੀਤ ਕੌਰ, ਬਲਬੀਰ ਕੌਰ ਵੀ ਮੌਜੂਦ ਸਨ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਇੱਥੋਂ ਨਜ਼ਦੀਕੀ ਦੇਵੀਦਾਸਪੁਰਾ ਵਿਖੇ ਅੰਮ੍ਰਿਤਸਰ ਦਿੱਲੀ ਰੇਲਮਾਰਗ ਉੱਪਰ ਤਿੰਨ ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕਰਕੇ ਬੀਤੇ 2 ਸਾਲ ਪਹਿਲਾਂ ਦਿੱਲੀ ਅੰਦੋਲਨ ਦੌਰਾਨ ਸਿੰਘੂ ਸਥਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਅਤੇ ਟੈਂਟ ਉੱਪਰ ਇਕ ਹਜੂਮ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਦੇ ਸਬੰਧ ਵਿਚ ਹਾਲੇ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੋਣ ਦਾ ਇਨਸਾਫ ਮੰਗਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਵੀਡੀਓ ਅਤੇ ਸਬੂਤ ਮੌਜੂਦ ਹੋਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ, ਇਸ ਕਰਕੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਵਿਚ 15 ਥਾਵਾਂ ਤੇ 3 ਘੰਟੇ ਦਾ ਸੰਕੇਤਕ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਮੰਗ ਕੀਤੀ ਕਿ ਦੋਸ਼ੀਆਂ ‘ਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਅਤੇ ਸੀ.ਮੀਤ ਪ੍ਰਧਾਨ ਜਰਮਨਜੀਤ ਬੰਡਾਲਾ ਨੇ ਹਜ਼ਾਰਾਂ ਧਰਨਾਕਾਰੀ ਕਿਸਾਨਾਂ ਮਜਦੂਰਾਂ ਤੇ ਬੀਬੀਆਂ ਨੂੰ ਸੰਬੋਧਨ ਕੀਤਾ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਜਲੰਧਰ ਛਾਉਣੀ ਵਿਖੇੇ ਧਰਨਾ ਦੇ ਕੇ 3 ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਜਿਸ ਵਿੱਚ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਲਖੀਮਪੁਰ ਖੀਰੀ ਹੱਤਿਆ ਕਾਂਡ ਦੇ ਮਾਸਟਰ ਪਲੇਨਰਾਂ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਦਿਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਹੋਰ ਬੁੱਧੀ ਜੀਵੀਆਂ ਨੂੰ ਰਿਹਾਅ ਕੀਤਾ ਜਾਵੇ, ਉਨ੍ਹਾਂ ਖੇਤੀ ਵਾਸਤੇ ਯੂਰੀਆ ਅਤੇ ਡਾਇਆ ਖਾਦ ਦੀ ਕਿੱਲਤ ਦੂਰ ਕਰਨ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ, ਡਾ. ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ, ਦੀ ਮੰਗ ਕੀਤੀ ,ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਕੀਤੀ ਜਾਵੇ, ਸਤਲੁਜ , ਬਿਆਸ, ਆਦਿ ਦਰਿਆਵਾਂ ਅਤੇ ਨਹਿਰਾਂ ਵੇਈਂਆਂ ਵਿੱਚ ਪੇਂਦਾ ਜਲੰਧਰ , ਫ਼ੈਕਟਰੀਆਂ ਤੇ ਵਾਟਰ ਟਰੀਟਮੈਂਟ ਪਲਾਂਟ ਲਾਜ਼ਮੀ ਕੀਤੇ ਜਾਣ ਅਤੇ ਉਹਨਾਂ ਦਾ ਨਿਰੀਖਣ ਕਰਕੇ ਚਾਲੂ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਲੁਧਿਆਣੇ, ਪੰਜਾਬ ਭਰ ਵਿੱਚ ਨਾਕਸ ਨਹਿਰ ਪ੍ਰਬੰਧ ਠੀਕ ਕਰਕੇ ਪਾਣੀ ਟੇਲਾਂ ਤੱਕ ਪਹੁੰਚਾਇਆ ਜਾਵੇ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੰਨੀਆਂ ਹੋਈਆਂ ਮੰਗਾਂ ਨਾਂ ਪੂਰੀਆਂ ਕੀਤੀਆਂ ਗਈਆਂ ਤਾਂ ਜਥੇਬੰਦੀ ਅਗਲੇ ਵੱਡੇ ਐਕਸ਼ਨ ਦਾ ਐੇਲਾਨ ਕਰੇਗੀ।
ਤਰਨ ਤਾਰਨ (ਪੱਤਰ ਪ੍ਰੇਰਕ): ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਵੱਡੀ ਗਿਣਤੀ ਕਿਸਾਨ-ਮਜਦੂਰਾਂ ਕੇਂਦਰ ਸਰਕਾਰ ਵਲੋਂ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋ ਰੇਲਵੇ ਸਟੇਸ਼ਨ ਤਰਨ ਤਾਰਨ ਤੇ ਤਿੰਨ ਘੰਟੇ ਰੇਲਵੇ ਟਰੈਕ ਜਾਮ ਕਰਕੇ ਰੋਹ ਭਰਪੂਰ ਧਰਨਾ ਦਿੱਤਾ| ਧਰਨਾਕਾਰੀਆਂ ਨੂੰ ਜਥੇਬੰਦੀ ਦੇ ਸੂਬਾ ਆਗੂ ਹਰਪ੍ਰੀਤ ਸਿੰਘ ਸਿਧਵਾਂ, ਜਰਨੈਲ ਸਿੰਘ ਨੂਰਦੀ, ਫਤਿਹ ਸਿੰਘ ਪਿੱਦੀ, ਬਲਵਿੰਦਰ ਸਿੰਘ ਚੋਹਲਾ ਸਮੇਤ ਹੋਰਨਾਂ ਸੰਬੋਧਨ ਕੀਤਾ| ਬੁਲਾਰਿਆਂ ਦਿੱਲੀ ਅੰਦੋਲਨ ਦੌਰਾਨ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਅਤੇ ਡਾ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦਾ ਲਿਖਤੀ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਅਜੇ ਤਕ ਵੀ ਲਾਗੂ ਨਹੀਂ ਕੀਤਾ ਜਾ ਸਕਿਆ|