ਜਸਬੀਰ ਸਿੰਘ ਚਾਨਾ
ਫਗਵਾੜਾ, 18 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਵਲੋਂ ਦੇਸ਼ ਭਰ ’ਚ ਰੇਲ ਬੰਦ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਦੋਆਬੇ ਵਿੱਚ ਅੱਜ ਕਿਸਾਨਾਂ ਨੇ ਵੱਖ-ਵੱਖ ਥਾਵਾਂ ਉੱਤੇ ਧਰਨੇ ਦਿੱਤੇ। ਇਸ ਪ੍ਰੋਗਰਾਮ ਤਹਿਤ ਹੀ ਫਗਵਾੜਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ’ਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਵੇ ਸਟੇਸ਼ਨ ’ਤੇ ਧਰਨਾ ਦਿੱਤਾ ਗਿਆ ਦਿੱਤਾ ਗਿਆ ਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਖਜ਼ਾਨਚੀ ਕ੍ਰਿਪਾਲ ਸਿੰਘ ਮੁਸਾਪੂਰ, ਪ੍ਰੈੱਸ ਸਕੱਤਰ ਕ੍ਰਿਪਾਲ ਸਿੰਘ ਪਾਲਾ ਮੌਲੀ, ਕੁਲਵਿੰਦਰ ਸਿੰਘ ਕਾਲਾ ਸਰਪੰਚ ਆਠੋਲੀ, ਇੰਦਰਜੀਤ ਸਿੰਘ ਖਲਿਆਣ, ਅਵਤਾਰ ਸਿੰਘ ਸ਼ੇਰਗਿੱਲ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ’ਤੇ ਥੋਪੇ ਹਨ ਪਰ ਉਸ ਦਾ ਵਿਰੋਧ ਕਰਦੇ ਕਿਸਾਨਾਂ ਦੀ ਆਵਾਜ਼ ਵੀ ਸਰਕਾਰ ਨੇ ਦਬਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਵਰੂੰਹਾਂ ’ਤੇ ਬੈਠ ਕੇ ਆਪਣਾ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਪਹਿਲਾਂ ਤਾਂ ਮੀਟਿੰਗ ਕਰਦੀ ਰਹੀ ਤੇ ਹੁਣ ਮੀਟਿੰਗਾਂ ਦਾ ਦੌਰਾ ਵੀ ਬੰਦ ਕਰਕੇ ਗੂੰਗੀ ਬੋਲੀ ਬਣ ਕੇ ਬੈਠ ਗਈ ਹੈ ਤੇ ਉਸ ਨੂੰ ਕਿਸੇ ਦੇ ਹਿੱਤਾ ਨਾਲ ਕੋਈ ਮਤਲਬ ਨਹੀਂ ਹੈ। ਲਖੀਮਪੁਰੀ ਖੀਰੀ ਦੀ ਘਟਨਾ ਨੇ ਯੂ.ਪੀ. ਤੇ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਯੂ.ਪੀ. ਦੀ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਕੇਂਦਰੀ ਮੰਤਰੀ ਨੂੰ ਮੰਤਰੀ ਮੰਡਲ ’ਚੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ। ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ ਅੱਜ 5733 ਕਠਿਆਰ-ਅੰਮ੍ਰਿਤਸਰ (ਅਮਰਪਾਲੀ ਐਕਸਪ੍ਰੈੱਸ), 09028 ਜੰਮੂ ਤਵੀ (ਵਿਵੇਕ ਐਕਸਪ੍ਰੈੱਸ) ਸਪੈਸ਼ਲ ਹਫ਼ਤਾਵਾਰੀ ਰੇਲ ਗੱਡੀ ਨੂੰ ਫਗਵਾੜਾ ਸਟੇਸ਼ਨ ਉੱਤੇ ਹੀ ਸਵੇਰੇ 10 ਵਜੇ ਰੋਕ ਦਿੱਤਾ ਗਿਆ ਜਦਕਿ 22440 ਬੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਚਹੇੜੂ ਨਜ਼ਦੀਕ ਰੋਕ ਦਿੱਤਾ ਗਿਆ ਹੈ ਜਿਸ ਕਾਰਨ ਰੇਲ ’ਚ ਸਵਾਰ ਯਾਤਰੀਆਂ ਨੂੰ ਵੀ ਸਾਰਾ ਦਿਨ ਮੰਜ਼ਿਲ ਵੱਲ ਰਵਾਨਾ ਹੋਣ ਲਈ ਰੁਕਣਾ ਪਿਆ।
ਧਰਨੇ ਦੇ ਮੱਦੇਨਜ਼ਰ ਅੱਜ ਪੁਲੀਸ ਵੱਲੋਂ ਐੱਸ.ਪੀ. ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਤੇ ਵੱਡੀ ਗਿਣਤੀ ’ਚ ਪੁਲੀਸ ਫ਼ੋਰਸ ਤਾਇਨਾਤ ਕੀਤੀ ਹੋਈ ਸੀ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਸੰਯੁਕਤ ਕਿਸਾਨ ਮੋਰਚਾ ਵੱਲੋਂ ਰੇਲਾਂ ਰੋਕਣ ਦੇ ਦਿੱਤੇ ਸੱਦੇ ’ਤੇ ਅੱਜ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸ਼ਾਹਕੋਟ ਅਤੇ ਲੋਹੀਆਂ ਖਾਸ ਰੇਲਵੇ ਸਟੇਸ਼ਨਾਂ ਉੱਪਰ ਧਰਨੇ ਲਗਾਏ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਨੇ ਸ਼ਾਹਕੋਟ-ਮਲਸੀਆਂ ਰੇਲਵੇ ਸਟੇਸ਼ਨ ਉੱਪਰ 6 ਘੰਟੇ ਧਰਨਾ ਦਿੱਤਾ। ਧਰਨੇ ਨੂੰ ਜ਼ਿਲ੍ਹਾ ਕਨਵੀਨਰ ਮੋਹਨ ਸਿੰਘ ਬੱਲ,ਸਕੱਤਰ ਬਲਵੰਤ ਮਲਸੀਆਂ,ਵਿੱਤ ਸਕੱਤਰ ਹਰਨੇਕ ਮਾਲੜੀ,ਨਿਰਮਲ ਸਿੰਘ ਜਹਾਂਗੀਰ,ਸੁੱਖਪਾਲ ਸਿੰਘ ਰਾਈਵਾਲ, ਮਨਜੀਤ ਸਿੰਘ ਮਲਸੀਆਂ,ਮਨਜੀਤ ਸਾਬੀ,ਨਿਰਮਲ ਸਿੰਘ ਸਰਾਭਾ,ਬਲਜੀਤ ਕੌਰ,ਪਰਮਜੀਤ ਕੌਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕੇ ਸਕੱਤਰ ਸੁਖਜਿੰਦਰ ਲਾਲੀ ਨੇ ਸੰਬੋਧਨ ਕੀਤਾ। ਇਸੇ ਤਰਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ਾਹਕੋ-ਮਲਸੀਆਂ ਰੇਲਵੇ ਫਾਟਕ ਦੇ ਨਜ਼ਦੀਕ ਰੇਲਵੇ ਲਾਈਵ ਉੱਪਰ ਜ਼ਿਲ੍ਹਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਅਤੇ ਮੀਤ ਪ੍ਰਧਾਨ ਸਤਨਾਮ ਸਿੰਘ ਰਾਈਵਾਲ ਦੀ ਅਗਵਾਈ ਵਿਚ ਧਰਨਾ ਦਿੱਤਾ। ਕਿਸਾਨ ਸੰਘਰਸ਼ ਕਮੇਟੀ ਨੇ ਲੋਹੀਆਂ ਖਾਸ ਰੇਲਵੇ ਸਟੇਸ਼ਨ ਉੱਪਰ ਧਰਨਾ ਦਿੱਤਾ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤੇ ਰੇਲ ਰੋਕੋ ਅੰਦੋਲਨ ਦੇ ਅਧੀਨ ਭਾਰਤੀ ਕਿਸਾਨ ਯੂਨੀਅਨ ਦੋਆਬਾ ਸਰਕਲ ਆਦਮਪੁਰ ਦੋਆਬਾ ਵਲੋਂ ਅੱਜ ਸਵੇਰੇ 10 ਵਜੇ ਤੋਂ ਲੈਕੇ ਖੁਰਦਪੁਰ ਸਟੇਸ਼ਨ ਨੇੜੇ ਜਲੰਧਰ-ਹੁਸ਼ਿਆਰਪੁਰ ਰੇਲਵੇ ਲਾਈਨਾਂ ਤੇ ਬੈਠ ਕੇ ਰੋਸ ਧਰਨਾ ਦਿੱਤਾ ਗਿਆ। ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਇੱਥੇ ਕਿਰਤੀ ਕਿਸਾਨ ਯੂਨੀਅਨ, ਕੁੱਲਹਿੰਦ ਕਿਸਾਨ ਸਭਾ ਵੱਲੋਂ ਰੇਲਵੇ ਸਟੇਸ਼ਨ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਲਖੀਮ ਪੁਰ ਖੀਰੀ ਚ ਵਾਪਰੇ ਕਾਂਢ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ।
ਫ਼ਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿੱਚ ਰੇਲਵੇ ਫਾਟਕ ਫਤਿਹਗੜ੍ਹ ਚੂੜੀਆਂ ਵਿਖੇ ਲਖੀਮਪੁਰ ਖੀਰੀ ਵਿੱਚ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਅਜੇ ਟੈਣੀ ਦੀ ਸਾਜ਼ਿਸ਼ ਤਹਿਤ ਕੀਤੇ ਗਏ ਕਿਸਾਨਾਂ ’ਤੇ ਵੈਹਿਸ਼ੀਆਨਾ ਕਤਲੇਆਮ ਦੇ ਦੋਸ਼ੀਆ ਨੂੰ ਸਖ਼ਤ ਸਜ਼ਾ ਦਵਾਉਣ ਲਈ ਰੋਸ ਧਰਨਾ ਦੇ ਕੇ ਰੇਲਵੇ ਦ ਚੱਕਾ ਜਾਮ ਕੀਤਾ ਗਿਆ।
ਤਰਨ ਤਾਰਨ (ਗੁਰਬਖਸ਼ਪੁਰੀ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਜ਼ਿਲ੍ਹੇ ਭਰ ਅੰਦਰ ਲਖੀਮਪੁਰ ਖੀਰੀ ਦੀਆਂ ਘਟਨਾਵਾਂ ਖਿਲਾਫ਼ ਕਿਸਾਨਾਂ ਨੇ ਰੇਲਾਂ ਰੋਕਣ ਲਈ ਪਟੜੀਆਂ ਉੱਤੇ ਧਰਨੇ ਦਿੱਤੇ| ਜਥੇਬੰਦੀਆਂ ਨੇ ਇਸ ਹਿੰਸਾ ਕਾਂਡ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਉਸ ਨੂੰ ਗਿਰਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ| ਵੈਸੇ ਜਿਲ੍ਹੇ ਅੰਦਰ ਅੰਮ੍ਰਿਤਸਰ-ਖੇਮਕਰਨ ਅਤੇ ਅੰਮ੍ਰਿਤਸਰ ਵਾਇਆ ਤਰਨ ਤਾਰਨ- ਬਿਆਸ ਨੂੰ ਚੱਲਣ ਵਾਲੀਆਂ ਰੇਲਾਂ ਕੋਵਿਡ-19 ਦੇ ਪਹਿਲੇ ਫੇਸ ਤੋਂ ਰੋਕੀਆਂ ਰੇਲਾਂ ਅੱਜ ਤੱਕ ਵੀ ਬਹਾਲ ਨਹੀਂ ਕੀਤੀਆਂ ਜਾ ਸਕੀਆਂ ਜਿਸ ਕਰਕੇ ਕਿਸਾਨਾਂ ਨੇ ਰੇਲ ਪਟੜੀਆਂ ਨੇ ਧਰਨੇ ਦੇ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ| ਜਥੇਬੰਦੀਆਂ ਨੇ ਬੀਐਸਐਫ਼ ਦਾ ਘੇਰਾ ਵਧਾਉਣ ਖਿਲਾਫ਼ ਵੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ|
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਤਰਨ ਤਾਰਨ ਦੇ ਰੇਲਵੇ ਸਟੇਸ਼ਨ ਤੋਂ ਥੋੜੀ ਦੂਰੀ ਰੇਲ ਪਟੜੀਆਂ ਨੇ ਧਰਨਾ ਦਿੱਤਾ| ਕੁਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਸੀਟੂ ਦੇ ਸਾਂਝੇ ਝੰਡੇ ਹੇਠ ਵੀ ਕਿਸਾਨਾਂ ਨੇ ਤਰਨ ਤਾਰਨ ਸ਼ਹਿਰ ਦੀ ਰੇਲ ਲਾਈਨ ਤੇ ਧਰਨਾ ਦਿੱਤਾ|
ਨਵਾਂਸ਼ਹਿਰ ਲਾਜਵੰਤ ਸਿੰਘ): ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਰੇਲਾਂ ਰੋਕਣ ਦੇ ਸੱਦੇ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਨਵਾਸ਼ਹਿਰ ਵਿਖੇ ਧਰਨਾ ਦਿੱਤਾ ਜੋ ਸਵੇਰੇ 10 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਚੱਲਿਆ।ਇਸ ਦੌਰਾਨ ਕੋਈ ਵੀ ਰੇਲ ਗੱਡੀ ਨਹੀਂ ਆ ਜਾ ਸਕੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ, ਕੁਲਦੀਪ ਸਿੰਘ ਦਿਆਲਾਂ, ਅਮਰਜੀਤ ਸਿੰਘ ਬੁਰਜ, ਕੁੱਲ ਹਿੰਦ ਕਿਸਾਨ ਸਭਾ ਦੇ ਮੁਕੰਦ ਲਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਸਤਨਾਮ ਸਿੰਘ ਗੁਲਾਟੀ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ ਉਟਾਲ ਨੇ ਸੰਬੋਧਨ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰੀਆਂ ਨੂੰ ਲੰਗਰ ਛਕਾਇਆ
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਸੰਯੁਕਤ ਮੋਰਚੇ ਦੇ ਸੱਦੇ ’ਤੇ ਰੇਲ ਗੱਡੀਆਂ ਰੋਕਣ ਦੇ ਐਲਾਨ ਕਾਰਨ ਅੰਮ੍ਰਿਤਸਰ ਐਕਸਪ੍ਰੈਸ ਕਰਤਾਰਪੁਰ ਰੇਲਵੇ ਸਟੇਸ਼ਨ ਤੇ ਸਵੇਰੇ ਦੱਸ ਵਜੇ ਤੋਂ ਸ਼ਾਮ ਤੱਕ ਰੁਕੀ ਰਹੀ। ਇਸ ਦੌਰਾਨ ਮੁਸਾਫਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਗੁਰਦੁਆਰਾ ਗੰਗਸਰ ਸਾਹਿਬ ਤੋਂ ਲੰਗਰ ਅਤੇ ਚਾਹ ਪਾਣੀ ਵਰਤਾਇਆ ਗਿਆ। ਰੇਲ ਗੱਡੀ ਵਿੱਚ ਸਵਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਰੇਲਾਂ ਰੋਕਣ ਦੇ ਐਲਾਨ ਤੋਂ ਬੇਖ਼ਬਰ ਸਨ। ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਰੇਲਾਂ ਰੋਕਣ ਕਾਰਨ ਇੱਕ ਦਿਨ ਹੀ ਰੁਕੇ ਹਾਂ ਜਦੋਂਕਿ ਸਾਡੇ ਕਿਸਾਨ ਵੀਰ ਖੇਤੀ ਵਿਰੁੱਧ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰ ਰਹੇ ਹਨ।