ਜਸਬੀਰ ਸਿੰਘ ਚਾਨਾ
ਫਗਵਾੜਾ, 3 ਦਸੰਬਰ
ਕਿਸਾਨਾਂ ਦੀ ਗੰਨੇ ਦੀ ਅਦਾਇਗੀ ਸਬੰਧੀ ਮਿੱਲ ਮਾਲਕਾਂ ਨਾਲ ਰੇੜਕਾ ਮੁੱਕ ਗਿਆ ਹੈ। ਇੱਥੋਂ ਦੇ ਏ.ਡੀ.ਸੀ ਦੀ ਅਗਵਾਈ ’ਚ ਅੱਜ ਹੋਈ ਮੀਟਿੰਗ ਦੌਰਾਨ ਇਹ ਮਾਮਲਾ ਹੱਲ ਹੋ ਗਿਆ ਹੈ ਤੇ ਹੁਣ ਕਿਸਾਨ ਇਸ ਮਿੱਲ ਨੂੰ 7 ਕਰੋੜ ਰੁਪਏ ਦੀ ਅਦਾਇਗੀ ਹੋਣ ਉਪਰੰਤ ਸਪਲਾਈ ਸ਼ੁਰੂ ਕਰਨਗੇ। ਮਿੱਲ ਮਾਲਕਾਂ ਤੇ ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਨਗਰ ਨਿਗਮ ਦਫ਼ਤਰ ਵਿਖੇ ਏ.ਡੀ.ਸੀ. ਚਰਨਦੀਪ ਸਿੰਘ, ਐਸ.ਡੀ.ਐਮ ਕੁਲਪ੍ਰੀਤ ਸਿੰਘ ਤੇ ਐਸ.ਪੀ. ਸਰਬਜੀਤ ਸਿੰਘ ਵਾਹੀਆ ਦੀ ਹਾਜ਼ਰੀ ’ਚ ਹੋਈ। ਮੀਟਿੰਗ ’ਚ ਫ਼ੈਸਲਾ ਹੋਇਆ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ 7 ਕਰੋੜ ਰੁਪਏ, ਅਗਲੇ ਸਾਲ 13 ਜਨਵਰੀ ਨੂੰ 4.5 ਕਰੋੜ, 14 ਫਰਵਰੀ ਨੂੰ 4.5 ਕਰੋੜ, 31 ਮਾਰਚ ਨੂੰ 3 ਕਰੋੜ, 30 ਅਪਰੈਲ ਨੂੰ 3 ਕਰੋੜ ਤੇ 31 ਮਈ ਨੂੰ 3 ਕਰੋੜ ਰੁਪਏ ਮਿੱਲ ਮਾਲਕ ਕਿਸਾਨਾਂ ਨੂੰ ਦੇਣਗੇ। ਉਨ੍ਹਾਂ ਦੱਸਿਆ ਕਿ ਫ਼ੈਸਲਾ ਹੋਇਆ ਹੈ ਕਿ ਗੰਨਾ ਕਿਸਾਨਾਂ ਦਾ ਪਿਛਲਾ ਬਕਾਇਆ 50 ਕਰੋੜ ਰੁਪਏ ਨਵੰਬਰ 2022 ਤੱਕ ਅਦਾ ਕਰ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ 2021-22 ’ਚ ਸ਼ੁਰੂ ਹੋਣ ਵਾਲੇ ਸੀਜ਼ਨ ਦੀ ਅਦਾਇਗੀ ਲਗਾਤਾਰ ਇਸੇ ਸੀਜ਼ਨ ’ਚ ਹੀ ਅਦਾ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਮਿੱਲ ਚਾਲੂ ਹੋਣ ’ਤੇ ਕਿਸਾਨਾਂ ਨੂੰ ਚਾਲੂ ਸਾਲ ਦੀ ਅਦਾਇਗੀ 7 ਦਿਨਾਂ ਦੇ ਅੰਦਰ ਤੇ 13 ਜਨਵਰੀ 2022 ਤੋਂ ਬਾਅਦ 72 ਘੰਟੇ ਅੰਦਰ ਅਦਾ ਕੀਤੀ ਜਾਵੇ। ਇਸ ਮੌਕੇ ਕ੍ਰਿਪਾਲ ਸਿੰਘ ਮੁਸਾਪੂਰ, ਸੰਤੋਖ ਸਿੰਘ ਲੱਖਪੁਰ, ਮਨਜੀਤ ਸਿੰਘ ਲੱਲ੍ਹੀਆ, ਸੋਹਨ ਸਿੰਘ ਸਾਰੀ, ਬਲਜਿੰਦਰ ਸਿੰਘ ਬਹਿਰਾਮ, ਸ਼ਰਨਜੀਤ ਸਿੰਘ ਆਠੋਲੀ, ਗੁਰਪਾਲ ਸਿੰਘ ਪਾਲਾ ਮੌਲੀ, ਗਲਜਿੰਦਰ ਸਿੰਘ ਚੱਕਪ੍ਰੇਮਾ, ਕੁਲਦੀਪ ਸਿੰਘ ਰਾਏਪੁਰ ਸ਼ਾਮਿਲ ਸਨ।