ਪਾਲ ਸਿੰਘ ਨੌਲੀ
ਜਲੰਧਰ, 23 ਅਪਰੈਲ
ਇੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਸ਼ਿਆਣਾ ਅਤੇ ਪਰਗਟ ਸਿੰਘ ਦੀ ਅਗਵਾਈ ਹੇਠ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਡੀਸੀ ਦਫਤਰ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪੁਤਲੇ ਸਾੜੇ ਗਏ। ਇਸ ਮੌਕੇ ਕੁਲਵਿੰਦਰ ਸਿੰਘ ਮਸ਼ਿਆਣਾ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕੀਤੀ ਜਾਣਾ ਸ਼ਲਾਘਾਯੋਗ ਹੈ ਪਰ ਜਿਸ ਤਰ੍ਹਾਂ ਪਹਿਲਾਂ ਯੂਪੀ ਸਰਕਾਰ ਵੱਲੋਂ ਉਸ ਨੂੰ ਜ਼ਮਾਨਤ ਦਿਵਾਈ ਗਈ ਸੀ ਉਹ ਆਪਣੇ ਆਪ ਵਿੱਚ ਸਰਕਾਰ ਦੀ ਨੀਅਤ ਨੂੰ ਸਪੱਸ਼ਟ ਕਰਦਾ ਹੈ ਅਤੇ ਸਿੱਧ ਕਰਦਾ ਹੈ ਕਿ ਕੇਂਦਰ ਅਤੇ ਯੂਪੀ ਸਰਕਾਰ ਦੋਸ਼ੀਆਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਹਰਸੁਲਿੰਦਰ ਸਿੰਘ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ, ਲਖੀਮਪੁਰ ਖੀਰੀ ਕਾਂਡ ਦੇ ਗਵਾਹਾਂ ਨੂੰ ਸਰਕਾਰ ਵੱਲੋ ਸੁਰੱਖਿਆ ਨਾ ਦੇਣ ਅਤੇ ਗਵਾਹਾਂ ’ਤੇ ਜਾਨਲੇਵਾ ਹਮਲਾ ਕਰਨਾ ਸਿੱਧ ਕਰਦਾ ਹੈ ਕਿ ਸਰਕਾਰ ਵੀ ਉਨ੍ਹਾਂ ਗੁੰਡਿਆਂ ਨਾਲ ਮਿਲੀ ਹੋਈ ਹੈ। ਇਸ ਲਈ ਅੱਜ ਸਾਰੇ ਦੇਸ਼ ਦੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਲਖੀਮਪੁਰ ਖੀਰੀ ਦੇ ਪੀੜਤ ਪਰਿਵਾਰਾਂ ਅਤੇ ਉਨ੍ਹਾਂ ਗਵਾਹਾਂ ਨਾਲ ਖੜ੍ਹਨ ਜੋ ਇਨਸਾਫ ਲਈ ਲੜ ਰਹੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਦਲਜੀਤ ਸਿੰਘ ਵੇਂਡਲ, ਗੁਰਵਿੰਦਰ ਸਿੰਘ ਬਜੂਹਾ, ਬਲਰਾਜ ਸਿੰਘ, ਰੇਸ਼ਮ ਚੰਦ ਤੇ ਪਿਆਰਾ ਸਿੰਘ ਸਮਰਾਏ ਸਮੇਤ ਹੋਰ ਆਗੂ ਹਾਜ਼ਰ ਸਨ।
ਗੁਰਦਾਸਪੁਰ (ਜਤਿੰਦਰ ਬੈਂਸ): ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਤੇ ਤਹਿਸੀਲ ਦਫ਼ਤਰ ਮੂਹਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪੁਤਲੇ ਫੂਕੇ ਗਏ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਲਖੀਮਪੁਰ ਖੀਰੀ ਕਤਲ ਮਾਮਲੇ ਦੇ ਗਵਾਹਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਡਰਾਉਣ ਦੇ ਰੋਸ ਵਜੋਂ ਆਜ਼ਾਦ ਕਿਸਾਨ ਕਮੇਟੀ ਦੋਆਬਾ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਦੀ ਅਗਵਾਈ ਹੇਠ ਅੱਜ ਇੱਥੇ ਮਿੰਨੀ ਸਕੱਤਰੇਤ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਬਾਅਦ ਵਿੱਚ ਪ੍ਰਧਾਨ ਮੰਤਰੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਕੇਸ ਨਾਲ ਸਬੰਧਤ ਗਵਾਹਾਂ ਨੂੰ ਡਰਾਉਣਾ ਧਮਕਾਉਣਾ ਬੰਦ ਕੀਤਾ ਜਾਵੇ।