ਜਗਜੀਤ ਸਿੰਘ
ਮੁਕੇਰੀਆਂ, 1 ਅਕਤੂਬਰ
ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਵੱਲੋਂ 16 ਸਾਲ 6 ਮਹੀਨੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਣ ਉਪਰੰਤ ਬੀਤੇ ਦਿਨ ਸੇਵਾ-ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ-ਮੁਕਤੀ ਮੌਕੇ ਕਾਲਜ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਪ੍ਰੋਫੈਸਰ ਅਰਚਨਾ ਠਾਕੁਰ ਨੇ ਪ੍ਰਿੰਸੀਪਲ ਢਿੱਲੋਂ ਦੇ ਜੀਵਨ ਸਫ਼ਰ ਬਾਰੇ ਸਰੋਤਿਆਂ ਨੂੰ ਜਾਣੂੰ ਕਰਵਾਇਆ। ਫਿਜ਼ਿਕਸ ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਸਿੰਘ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਓਲਡ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਦਾਰਾਪੁਰ ਅਤੇ ਸਕੱਤਰ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਡਾ. ਢਿੱਲੋਂ ਵਲੋਂ ਐਸੋਸੀਏਸ਼ਨ ਨੂੰ ਸਰਗਰਮ ਰੱਖਣ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਸਤਵਿੰਦਰ ਢਿੱਲੋਂ ਨੇ ਕਾਲਜ ਵਿੱਚ ਬਿਤਾਏ ਸਮੇਂ ਦੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆ ਕੀਤੀਆਂ। ਸੇਵਾਮੁਕਤੀ ਮੌਕੇ ਡਾ. ਢਿੱਲੋਂ ਨੇ 1 ਲੱਖ ਰੁਪਏ ਅਤੇ ਨੂੰਹ ਪ੍ਰੋਫੈਸਰ ਸ਼ਰਨਜੀਤ ਕੌਰ ਢਿੱਲੋਂ ਦੇ ਪੇਕੇ ਪਰਿਵਾਰ ਵੱਲੋਂ 1 ਲੱਖ ਰੁਪਏ ਗਰੀਬ ਵਿਦਿਆਰਥੀਆਂ ਦੀ ਮਦਦ ਲਈ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬਾਬਾ ਭਾਗ ਸਿੰਘ ਯੂਨਵਿਰਸਿਟੀ ਦੇ ਵਾਈਸ-ਚਾਂਸਲਰ ਡਾ. ਧਰਮ ਜੀਤ ਸਿੰਘ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਪ੍ਰੋ. ਦਿਲਬਾਰਾ ਸਿੰਘ ਬਾਜਵਾ ਹਾਜ਼ਰ ਸਨ।