ਗੁਰਦੇਵ ਸਿੰਘ ਗਹੂੰਣ
ਬਲਾਚੌਰ,17 ਜੂਨ
ਸੁਨੀਤਾ ਚੈਰੀਟੇਬਲ ਹਸਪਤਾਲ, ਮੰਢਿਆਣੀ ਰੋਡ, ਬਲਾਚੌਰ ’ਚ ਡਾਕਟਰਾਂ ਦੀਆਂ ਦੋ ਟੀਮਾਂ ਵਲੋਂ ਮਾਰੇ ਛਾਪੇ ਦੌਰਾਨ ਹਸਪਤਾਲ ਤੋਂ ਲਿੰਗ ਨਿਰਧਾਰਨ ਟੈੱਸਟ ਕਰਨ ਵਾਲੀ ਅਨ-ਰਜਿਸਟਰਡ ਪੋਰਟੇਬਲ ਮਸ਼ੀਨ ਅਤੇ ਨੋਟ ਕੀਤੇ ਗਏ ਨੰਬਰਾਂ ਵਾਲੇ 40,000 ਰੁਪਏ ਦੀ ਕਰੰਸੀ ਬਰਾਮਦ ਕਰ ਲਈ ਗਈ। ਸੁਨੀਤਾ ਚੈਰੀਟੇਬਲ ਹਸਪਤਾਲ ਬਲਾਚੌਰ ਵਿੱਚ ਰਿਜਨਲ ਡਾਇਰੈਕਟਰ ਡਿਟੈਕਟਿਵ ਸਰਵਿਸਜ਼ ਏਜੰਸੀ ਜਿਸ ਦੀਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸੇਵਾਵਾਂ ਲੈ ਰਹੀ ਹੈ, ਦੀਆਂ ਦੋ ਟੀਮਾਂ ਨੇ ਛਾਪਾ ਮਾਰਿਆ। ਟੀਮਾਂ ਵਲੋਂ ਇੱਕ ਔਰਤ ਦੀ ਕੁੱਖ ਵਿੱਚ ਪਲ ਰਹੇ ਬੱਚੇ ਦੇ ਲਿੰਗ ਦੀ ਜਾਂਚ ਕਰਵਾਉਣ ਲਈ ਇੱਕ ਔਰਤ ਅਤੇ ਇੱਕ ਮਰਦ ਨੂੰ ਭੇਜਿਆ ਗਿਆ, ਜਿਨ੍ਹਾਂ ਕੋਲ 40,000 ਰੁਪਏ ਦੀ ਰਾਸ਼ੀ ਵਾਲੇ ਨੋਟ ਕੀਤੇ ਨੰਬਰਾਂ ਵਾਲੇ ਨੋਟ ਸਨ। ਟੀਮ ਨੇ ਡਾਕਟਰਾਂ ਨੂੰ ਲਿੰਗ ਨਿਰਧਾਰਨ ਕਰਦਿਆਂ ਪੋਰਟੇਬਲ ਮਸ਼ੀਨ ਅਤੇ 40,000 ਰੁਪਏ ਦੀ ਨਕਦੀ ਸਮੇਤ ਮੌਕੇ ’ਤੇ ਹੀ ਕਾਬੂ ਕਰ ਲਿਆ। ਟੀਮ ਵਲੋਂ ਮਸ਼ੀਨ ਨੂੰ ਸੀਲ ਕਰਕੇ ਮਸ਼ੀਨ ਸਮੇਤ ਹਸਪਤਾਲ ਦਾ ਓ.ਪੀ.ਡੀ. ਰਜਿਸਟਰ ਅਤੇ ਡੀ.ਵੀ.ਆਰ. ਕਬਜੇ ਵਿੱਚ ਲੈ ਲਿਆ ਗਿਆ ਹੈ। ਬਲਾਚੌਰ ਪੁਲੀਸ ਵੱਲੋਂ ਪੀ.ਐਨ.ਡੀ.ਟੀ. ਐਕਟ ਤਹਿਤ ਹਸਪਤਾਲ ਦੀ ਮਾਲਕ ਡਾ. ਸੁਨੀਤਾ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ। ਇਸੇ ਦੌਰਾਨ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਜੀ.ਐੈੱਸ. ਕਪੂਰ ਨੇ ਛਾਪੇ ਸਬੰਧੀ ਦੱਸਿਆ ਕਿ ਹਸਪਤਾਲ ਦੀ ਚੈਕਿੰਗ ਦੌਰਾਨ ਇਹ ਵੀ ਪਤਾ ਲੱਗਾ ਕਿ ਨਾ ਤਾਂ ਇਹ ਸੈਂਟਰ ਸਿਹਤ ਵਿਭਾਗ ਕੋਲ ਰਜਿਸਟਰਡ ਹੈ ਅਤੇ ਨਾ ਹੀ ਪੋਰਟੇਬਲ ਮਸ਼ੀਨ। ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲ ਚਲਾਉਣ ਵਾਲੀ ਡਾਕਟਰ ਸੁਨੀਤਾ ਕੋਲ ਬੈਚਲਰ ਆਫ ਇਲੈਕਟਰੋਪੈਥੀ ਦਾ ਸਰਟੀਫੀਕੇਟ ਹੈ, ਜਿਸ ਤਹਿਤ ਉਹ ਐਲੋਪੈਥੀ ਦੀ ਪ੍ਰੈਕਟਿਸ ਨਹੀਂ ਕਰ ਸਕਦੀ।