ਜਸਬੀਰ ਸਿੰਘ ਚਾਨਾ
ਫਗਵਾੜਾ, 25 ਨਵੰਬਰ
ਜ਼ਿਲ੍ਹਾ ਕਪੂਰਥਲਾ ਦੀ ਪੁਲੀਸ ਨੇ ਸੇਬਾ ਦੇ ਟਰੱਕ ਰਾਹੀਂ ਭੁੱਕੀ ਦੀ ਸਪਲਾਈ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਵੱਡੀ ਮਾਤਰਾ ’ਚ ਭੁੱਕੀ ਬਰਾਮਦ ਕਰਕੇ ਪੰਜ ਵਿਅਕਤੀਆਂ ਖਿਲਾਫ਼ ਧਾਰਾ 15 (ਸੀ), 25, 29, 61 ਤੇ 85 ਐੱਨਡੀਪੀਐੱਸ ਐਕਟ ਤਹਿਤ ਥਾਣਾ (ਸਦਰ) ਫਗਵਾੜਾ ਵਿੱਚ ਕੇਸ ਦਰਜ ਕੀਤਾ ਹੈ। ਐੱਸਐੱਸਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਪੀ. (ਡੀ) ਕਪੂਰਥਲਾ ਦੀ ਅਗਵਾਈ ਹੇਠ ਡੀਐੱਸਪੀ (ਡੀ) ਕਪੂਰਥਲਾ ਅੰਮ੍ਰਿਤ ਸਰੂਪ ਤੇ ਇੰਚਾਰਜ ਸੀਆਈਏ ਸਟਾਫ਼ ਕਪੂਰਥਲਾ ਸੁਰਜੀਤ ਸਿੰਘ ਦੀ ਅਗਵਾਈ ’ਚ ਫਗਵਾੜਾ ਹਾਈਵੇਜ ’ਤੇ ਗਸ਼ਤ ਦੌਰਾਨ ਇੱਕ ਟਰੱਕ ਨੰਬਰ ਪੀਬੀ-10 ਏਐੱਸ 1227 ਜੋ ਜੰਮੂ-ਕਸ਼ਮੀਰ ਤੋਂ ਆ ਰਿਹਾ ਸੀ ਉਸ ਨੂੰ ਰੋਕ ਕੇ ਜਦੋਂ ਚੈਕਿੰਗੀ ਕੀਤੀ ਤਾਂ ਟਰੱਕ ’ਚੋਂ ਸੇਬਾਂ ਦੇ ਡੱਬਿਆਂ ’ਚ ਛੁਪਾ ਕੇ ਰੱਖੀ 170 ਕਿਲੋ ਭੁੱਲੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇੰਦਰਜੀਤ ਸਿੰਘ ਉਰਫ਼ ਬਾਵਾ ਵਾਸੀ ਨਿਊ ਆਜ਼ਾਦ ਨਗਰ (ਬਹਾਦਰਕੇ) ਤੇ ਰੌਕੀ ਪੁੱਤਰ ਬਾਬੂ ਲਾਲ ਵਾਸੀ ਟਿੱਬਾ ਰੋਡ ਨੇੜੇ ਗੈਸ ਏਜੰਸੀ ਲੁਧਿਆਣਾ ਨੂੰ ਕਾਬੂ ਕਰ ਲਿਆ ਹੈ। ਤਿੰਨ ਵਿਅਕਤੀਆਂ ਬਲਜਿੰਦਰ ਸਿੰਘ ਵਾਸੀ ਰੁੜਾ ਖੁਰਦ ਜਲੰਧਰ, ਨਿੱਕਾ ਗੁੱਜਰ ਨੇੜੇ ਸੁਧਾਰ ਲੁਧਿਆਣਾ ਤੇ ਬਸ਼ੀਰ ਅਹਿਮਦ ਵਾਸੀ ਬਰੋਕ ਗੰਦਰਵਲ ਜੰਮੂ ਕਸ਼ਮੀਰ ਨੂੰ ਉਕਤ ਮਾਮਲੇ ’ਚ ਨਾਮਜ਼ਦ ਕੀਤਾ ਹੈ।