ਜਸਬੀਰ ਸਿਘ ਚਾਨਾ
ਫਗਵਾੜਾ, 16 ਜੂਨ
ਘਰ ਦਾ ਵਸਤੂ ਸ਼ਾਸਤਰ ਚੈੱਕ ਕਰਵਾਉਣ ਦੇ ਬਹਾਨੇ ਪੰਡਿਤਾਂ ਨੂੰ ਘਰ ’ਚ ਬੁਲਾ ਕੇ ਉਨ੍ਹਾਂ ਨਾਲ ਅਸ਼ਲੀਲ ਹਰਕਤਾ ਕਰਕੇ ਉਨ੍ਹਾਂ ਦੀ ਵੀਡਿਓ ਬਣਾ ਕੇ ਬਲੈਕ ਮੇਲਿੰਗ ਕਰਨ ਤੇ ਫ਼ਿਰੌਤੀ ਮੰਗਣ ਸਬੰਧੀ ਫਗਵਾੜਾ ਪੁਲੀਸ ਨੇ ਦੋ ਔਰਤਾਂ ਸਣੇ ਚਾਰ ਮੈਂਬਰਾਂ ਦੇ ਗਰੋਹ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਲੋਕਾਂ ਪਾਸੋਂ ਠੱਗੀ 2 ਲੱਖ 20 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰਕੇ ਕਈ ਕੇਸਾਂ ਦਾ ਖੁਲਾਸਾ ਕਰਵਾਇਆ ਹੈ।
ਐਸ.ਐਸ.ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਤੇ ਐਸ.ਪੀ ਫਗਵਾੜਾ ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀਆਂ ’ਚ ਰਮਨਦੀਪ ਸ਼ਰਮਾ ਪਤਨੀ ਵਿਪਨ ਸ਼ਰਮਾ ਵਾਸੀ ਗਾਰਡਨ ਐਕਸਟੈਸ਼ਨ ਹਾਊਸ ਨੰਬਰ 29 ਜਲੰਧਰ ਹਾਲ ਵਾਸੀ ਹਾਊਸ ਨੰਬਰ 47-ਏ ਮਾਨਵ ਨਗਰ ਹਦੀਆਬਾਦ, ਅਮਨਦੀਪ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਪਿੰਡ ਸੁਲਤਾਨ ਵਿੰਡ ਥਾਣਾ ਬੀ-ਡਵੀਜ਼ਨ ਜਿਲ੍ਹਾ ਅੰਮ੍ਰਿਤਸਰ, ਚੰਦਨ ਭਾਨ ਪੁੱਤਰ ਜੀਵਨ ਲਾਲ ਵਾਸੀ ਵਾਲਮੀਕੀ ਮੁਹੱਲਾ ਹਦੀਆਬਾਦ ਤੇ ਰਾਜੀਵ ਸ਼ਰਮਾ ਪੁੱਤਰ ਜੈ ਕਾਂਤ ਸ਼ਰਮਾ ਵਾਸੀ ਅਦਰਸ਼ਨ ਨਗਰ ਫਗਵਾੜਾ ਸ਼ਾਮਲ ਹਨ।
ਪੁਲੀਸ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਇਨ੍ਹਾਂ ਵਿਅਕਤੀਆਂ ਨੇ ‘ਹਨੀ ਓਪਰੇਸ਼ਨ’ ਗਰੋਹ ਬਣਾਇਆ ਹੈ ਤੇ ਲੋਕਾਂ ਨੂੰ ਬਲੈਕਮੇਲਿੰਗ ਕਰਦੇ ਹਨ। ਜਿਸ ਸਬੰਧ ’ਚ ਪੁਲੀਸ ਵੱਲੋਂ ਡੀਐਸਪੀ ਸਰਵਣ ਸਿੰਘ ਬੱਲ, ਐਸ.ਐਚ.ਓ ਸਿਟੀ ਅਮਨਦੀਪ ਕੁਮਾਰ ਤੇ ਐਸ.ਐਚ.ਓ ਸਤਨਾਮਪੁਰਾ ਜਤਿੰਦਰ ਕੁਮਾਰ ਦੀ ਅਗਵਾਈ ’ਚ ਟੀਮ ਗਠਿਤ ਕੀਤੀ ਗਈ ਸੀ। ਜਿਸ ਨੇ ਗਰੋਹ ਦੇ ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜਿਸ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਰਾਜੀਵ ਸ਼ਰਮਾ ਵਾਸੀ ਹਦੀਆਬਾਦ ਜੋ ਇਸ ਗਿਰੋਹ ਦਾ ਮੁਖੀਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਨਿਆ ਕਿ ਪੰਡਿਤ ਸ਼ੰਕਰ ਵਾਸੀ ਗਲੀ ਨੰਬਰ 7 ਕੋਟਰਾਣੀ ਦੀ ਵੀਡਿਉ ਬਣਾ ਕੇ ਉਸ ਪਾਸੋਂ ਤਿੰਨ ਲੱਖ ਰੁਪਏ ਜ਼ਬਰੀ ਵਸੂਲ ਕੀਤੇ। ਵਿਪਨ ਕੁਮਾਰ ਵਾਸੀ ਗੁਰਦਾਸਪੁਰ ਪਾਸੋਂ ਇੱਕ ਮੁੰਦਰੀ ਸੋਨਾ, ਕੜਾ ਚਾਂਦੀ ਤੇ 7 ਹਜ਼ਾਰ ਰੁਪਏ ਵਸੂਲ ਕੀਤੇ ਸਨ। ਇੱਕ ਕਵੀ ਰਾਜ ਪੰਡਿਤ ਦੀ ਵੀਡਿਉ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ। 13 ਜੂਨ 2022 ਨੂੰ ਤ੍ਰਿਪਾਠੀ ਪੰਡਿਤ ਦੀ ਅਸ਼ਲੀਲ ਵੀਡਿਉ ਬਣਾ ਕੇ ਉਸ ਪਾਸੋਂ 50 ਹਜ਼ਾਰ ਰੁਪਏ ਵਸੂਲ ਕੀਤੇ ਸਨ।
ਪੁਲੀਸ ਨੇ ਰਮਨਦੀਪ ਸ਼ਰਮਾ ਪਤਨੀ ਵਿਪਨ ਸ਼ਰਮਾ ਪਾਸੋਂ 52 ਹਜ਼ਾਰ ਰੁਪਏ, ਅਮਨਦੀਪ ਕੌਰ ਪਾਸੋਂ 48 ਹਜ਼ਾਰ, ਚੰਦਨ ਭਾਨ ਪਾਸੋਂ 55 ਹਜ਼ਾਰ, ਇੱਕ ਚਾਂਦੀ ਮੁੰਦਰੀ ਤੇ ਰਾਜੀਵ ਸ਼ਰਮਾ ਪਾਸੋਂ 64 ਹਜ਼ਾਰ ਦੀ ਨਕਦੀ, ਇੱਕ ਸੋਨੇ ਦੀ ਮੁੰਦਰੀ ਤੇ ਇੱਕ ਚਾਂਦੀ ਦੀ ਮੁੰਦਰੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗਿਰੋਹ ਦੀ ਇੱਕ ਔਰਤ ਜਲੰਧਰ ਤੇ ਦੂਸਰੀ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਜੋ ਕਿ ਮਾਨਵ ਨਗਰ ਹਦੀਆਬਾਦ ਵਿਖੇ ਮਕਾਨ ਲੈ ਕੇ ਬਾਕੀ ਦੋਸ਼ੀਆਂ ਨਾਲ ਮਿਲ ਕੇ ਇਨ੍ਹਾਂ ਵਾਰਦਾਤਾ ਨੂੰ ਅੰਜਾਮ ਦੇ ਰਹੀਆਂ ਸਨ।