ਹਰਪ੍ਰੀਤ ਕੌਰ
ਹੁਸ਼ਿਆਰਪੁਰ, 24 ਸਤੰਬਰ
ਹੁਸ਼ਿਆਰਪੁਰ-ਜਲੰਧਰ ਸੜਕ ’ਤੇ ਨਸਰਾਲਾ ਫੋਕਲ ਪੁਆਇੰਟ ਸਥਿਤ ਐਸਟੀਲੀਨ ਗੈਸ ਬਣਾਉਣ ਵਾਲੀ ਫੈਕਟਰੀ ਵਿੱਚ ਅੱਜ ਸਵੇਰੇ ਸਿਲੰਡਰ ਫਟਣ ਨਾਲ ਵੱਡਾ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਫੈਕਟਰੀ ਦੇ ਦੋ ਵਰਕਰਾਂ ਦੋ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਕ ਵਿਅਕਤੀ ਦੇ ਸਰੀਰ ਦੇ ਅੰਗ ਦੂਰ ਤੱਕ ਖਿੱਲਰ ਗਏ ਅਤੇ ਸ਼ੈੱਡ ਵੀ ਉੱਡ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸਵੇਰੇ ਲਗਪਗ ਸਾਢੇ 10 ਵਜੇ ਵਾਪਰੀ, ਜਦੋਂ ਫੈਕਟਰੀ ਦੇ ਵਰਕਰ ਸਿਲੰਡਰਾਂ ’ਚ ਗੈਸ ਭਰਨ ਦਾ ਕੰਮ ਕਰ ਰਹੇ ਸਨ। ਮ੍ਰਿਤਕਾਂ ਦੀ ਪਛਾਣ ਭਗਵਤੀ ਸਿੰਘ (60) ਵਾਸੀ ਉੱਤਰਾਖੰਡ ਅਤੇ ਸੂਰਜ (35) ਮੂਲ ਨਿਵਾਸੀ ਨੇਪਾਲ ਵਜੋਂ ਹੋਈ ਹੈ। ਭਗਵਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦ ਕਿ ਸੂਰਜ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਘਟਨਾ ਬਾਰੇ ਪਤਾ ਲੱਗਦਿਆਂ ਹੀ ਸਥਾਨਕ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਡੀਐੱਸਪੀ (ਰੂਰਲ) ਦਵਿੰਦਰ ਪਾਲ ਨੇ ਕਿਹਾ ਕਿ ਤਕਨੀਕੀ ਮਾਹਿਰ ਜਾਂਚ ਕਰ ਰਹੇ ਹਨ। ਫੈਕਟਰੀ ਮੈਨੇਜਮੈਂਟ ਮੈਂਬਰ ਤਰਨ ਗੋਇਲ ਨੇ ਦੱਸਿਆ ਕਿ ਕਈ ਸਾਲਾਂ ਤੋਂ ਫੈਕਟਰੀ ਦਾ ਕੰਮ ਸਚਾਰੂ ਢੰਗ ਨਾਲ ਚੱਲ ਰਿਹਾ ਹੈ ਤੇ ਮਾਪਦੰਡਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।