ਜਗਜੀਤ ਸਿੰਘ
ਮੁਕੇਰੀਆਂ, 20 ਜੂਨ
ਖਾਦ ਡੀਲਰਾਂ ਵੱਲੋਂ ਕਿਸਾਨਾਂ ਨੂੰ ਮਹਿੰਗੀ ਖਾਦ ਅਤੇ ਨਾਲ ਜਬਰੀ ਦਵਾਈਆਂ ਦੇਣ ਦੇ ਮਾਮਲੇ ਵਿੱਚ ਖੇਤੀ ਅਧਿਕਾਰੀਆਂ ਨੇ ਵਿਭਾਗੀ ਡਾਇਰੈਕਟਰ ਦੀਆਂ ਹਦਾਇਤਾਂ ’ਤੇ ਕੀਤੀ ਜਾਂਚ ਦੌਰਾਨ ‘ਸਭ ਅੱਛਾ’ ਹੋਣ ਦਾ ਦਾਅਵਾ ਕੀਤਾ ਹੈ। ਉੱਧਰ, ਕਿਸਾਨ ਜਥੇਬੰਦੀਆਂ ਨੇ ਐੱਸਡੀਐੱਮ ਮੁਕੇਰੀਆਂ ਕੰਵਲਜੀਤ ਸਿੰਘ ਨੂੰ ਲਿਖਤੀ ਦਰਖਾਸਤ ਦੇ ਕੇ ਅਜਿਹੇ ਡੀਲਰਾਂ ਖਿਲਾਫ਼ ਕਾਰਵਾਈ ਮੰਗੀ ਹੈ। ਐੱਸਡੀਐੱਮ ਨੇ ਜਥੇਬੰਦੀ ਨੂੰ ਜਾਂਚ ਕਰਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੇ ਪ੍ਰਧਾਨ ਬਾਪੂ ਬਲਕਾਰ ਸਿੰਘ ਮੱਲ੍ਹੀ ਤੇ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ ਅਤੇ ਕਿਸਾਨ ਮਜ਼ਦੂਰ ਸੇਵਾ ਸੁਸਾਇਟੀ ਦੇ ਅਜਾਇਬ ਸਿੰਘ, ਲਖਵੀਰ ਸਿੰਘ ਤੇ ਚਤਰ ਸਿੰਘ ਨੇ ਦੋਸ਼ ਲਾਇਆ ਕਿ ਬੀਤੇ ਦਿਨ ਜਥੇਬੰਦੀ ਦੇ ਆਗੂ ਸ਼ਿਵੰਦਰ ਸਿੰਘ ਨੂੰ ਹਾਜੀਪੁਰ ਦੇ ਇੱਕ ਡੀਲਰ ਵੱਲੋਂ ਜਬਰੀ ਖਾਦ ਨਾਲ ਮਹਿੰਗੇ ਮੁੱਲ ਦੀ ਦਵਾਈ ਲੈਣ ਲਈ ਮਜਬੂਰ ਕੀਤਾ ਗਿਆ। ਜਦੋਂ ਉਸਨੇ ਮਹਿੰਗੇ ਮੁੱਲ ਤੇ ਪ੍ਰਿੰਟ ਰੇਟ ਤੋਂ ਵੱਧ ਦਵਾਈਆਂ ਨਾ ਖਰੀਦਣ ਬਾਰੇ ਐੱਸਡੀਐੱਮ ਦੀਆਂ ਹਦਾਇਤਾਂ ਦਾ ਹਵਾਲਾ ਦਿੱਤਾ ਤਾਂ ਡੀਲਰ ਨੇ ਸ਼ਰੇਆਮ ਕਿਹਾ ਕਿ ‘ਤੁਸੀਂ ਹੁਣ ਖਾਦ ਵੀ ਐੱਸਡੀਐੱਮ ਕੋਲੋਂ ਹੀ ਲੈ ਲਵੋ।’ ਡੀਲਰ ਨੇ ਕਥਿਤ ਦਾਅਵਾ ਕੀਤਾ ਕਿ ਹਾਲੇ ਪਿਛਲੇ ਦਿਨ ਹੀ ਖੇਤੀ ਅਧਿਕਾਰੀ ਉਸਨੂੰ ਖਾਦ ਨਾਲ ਦਵਾਈਆਂ ਦੇਣ ਬਾਰੇ ਆਖ ਕੇ ਗਿਆ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਡੀਲਰ ਉੱਤੇ ਜਥੇਬੰਦੀ ਦੇ ਆਗੂ ਨਾਲ ਬਦਤਮੀਜ਼ੀ ਅਤੇ ਹੱਥੋਪਾਈ ਤੱਕ ਕਰਨ ਦੇ ਦੋਸ਼ ਵੀ ਲਾਏ। ਕਿਸਾਨ ਭਲਾਈ ਵਿਭਾਗ ਦੀ ਭੂਮਿਕਾ ਉੱਤੇ ਸ਼ੰਕੇ ਖੜ੍ਹੇ ਕਰਦਿਆਂ ਆਗੂਆਂ ਨੇ ਕਿਹਾ ਕਿ ਵਿਭਾਗੀ ਅਧਿਕਾਰੀ ਕਥਿਤ ਜਾਂਚ ਤੋਂ ਪਹਿਲਾਂ ਹੀ ਡੀਲਰਾਂ ਨੂੰ ਫੋਨ ਖੜਕਾ ਦਿੰਦੇ ਹਨ ਅਤੇ ਮੁੜ ਅਖੌਤੀ ਜਾਂਚ ਵਿੱਚ ਸਭ ਅੱਛਾ ਦਿਖਾ ਦਿੱਤਾ ਜਾਂਦਾ ਹੈ।
ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਸਤਨਾਮ ਸਿੰਘ ਨੇ ਕਿਹਾ ਕਿ ਵਿਭਾਗੀ ਹਦਾਇਤਾਂ ’ਤੇ ਬੀਤੇ ਕੱਲ੍ਹ ਜਾਂਚ ਕੀਤੀ ਗਈ ਸੀ ਅਤੇ ਮੁਕੇਰੀਆਂ ਦੇ ਦੋ ਡੀਲਰਾਂ ਵਿੱਚੋਂ ਇੱਕ ਕੋਲ ਹੀ ਖਾਦ ਮਿਲੀ। ਡੀਲਰ ਵੱਲੋਂ ਖਾਦ 270 ਰੁਪਏ ਪ੍ਰਤੀ ਥੈਲਾ ਬਿਨਾਂ ਜਬਰੀ ਦਵਾਈਆਂ ਦਿੱਤਿਆਂ ਵੇਚੀ ਜਾ ਰਹੀ ਸੀ। ਹਾਜੀਪੁਰ ਤੇ ਤਲਵਾੜਾ ਵਿੱਚ ਵੀ ਸਭ ਅੱਛਾ ਸੀ। ਜਦੋਂ ਉਨ੍ਹਾਂ ਨੂੰ ਐੱਸਡੀਐੱਮ ਕੋਲ ਪੁੱਜੀ ਲਿਖਤੀ ਸ਼ਿਕਾਇਤ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਸਬੰਧਤ ਡੀਲਰਾਂ ਖਿਲਾਫ਼ ਕਾਰਵਾਈ ਕਰਨਗੇ।