ਪਾਲ ਸਿੰਘ ਨੌਲੀ/ਸੁਭਾਸ਼ ਜੋਸ਼ੀ
ਜਲੰਧਰ/ਬਲਾਚੌਰ, 13 ਮਾਰਚ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ 15 ਮਾਰਚ ਨੂੰ ਬਸਪਾ ਦੇ ਬਾਨੀ ਕਾਂਸ਼ੀ ਰਾਮ ਦੇ 87ਵੇਂ ਜਨਮ ਦਿਨ ਮੌਕੇ 117 ਵਿਧਾਨ ਸਭਾਵਾਂ ਪੱਧਰੀ ਪੰਜਾਬ ਬਚਾਓ ਹਾਥੀ ਯਾਤਰਾ ਮੋਟਰਸਾਈਕਲ ਰੈਲੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਉਦੇਸ਼ ‘ਕਾਂਗਰਸ ਭਜਾਓ-ਪੰਜਾਬ ਬਚਾਓ’ ਹੋਵੇਗਾ। ਸ੍ਰੀ ਗੜ੍ਹੀ ਨੇ ਕਿਹਾ ਕਿ ‘ਪੰਜਾਬ ਬਚਾਓ ਹਾਥੀ ਯਾਤਰਾ ਮੋਟਰਸਾਈਕਲ ਰੈਲੀ’ 15 ਮਾਰਚ ਨੂੰ 117 ਵਿਧਾਨ ਸਭਾਵਾਂ ਦੇ 3000 ਤੋਂ ਵੱਧ ਪਿੰਡਾਂ ਅਤੇ 100 ਤੋਂ ਜ਼ਿਆਦਾ ਵੱਡੇ ਸ਼ਹਿਰਾਂ ਤੋਂ ਗੁਜ਼ਰੇਗੀ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਰਕਰ ਅਤੇ ਆਗੂ ਇਸ ਰੈਲੀ ਰਾਹੀਂ ਪੰਜਾਬੀਆਂ ਨੂੰ ਬਸਪਾ ਪ੍ਰਤੀ ਲਾਮਬੰਦ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਨਿਕੰਮੇ ਪ੍ਰਸ਼ਾਸਨ ਤੇ ਭੈੜੀ ਕਾਰਗੁਜ਼ਾਰੀ ਨਾਲ ਪੰਜਾਬ ਸਿਰ ਪਿਛਲੇ ਚਾਰ ਸਾਲਾਂ ਵਿੱਚ 90 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ਾ ਚੜ੍ਹਿਆ, ਜੋ ਹੁਣ ਲਗਪਗ 3 ਲੱਖ ਕਰੋੜ ਨੂੰ ਪੁੱਜ ਚੁੱਕਾ ਹੈ, ਇਸ ਪਿੱਛੇ ਅਕਾਲੀ-ਭਾਜਪਾ ਤੇ ਕਾਂਗਰਸ ਬਰਾਬਰ ਦੇ ਜ਼ਿੰਮੇਵਾਰ ਹਨ। ਸ੍ਰੀ ਗੜ੍ਹੀ ਨੇ ਕਿਹਾ ਕਿ ਅੱਜ ਹਰ ਪੰਜਾਬੀ ਸਿਰ ਇੱਕ ਲੱਖ ਦਾ ਕਰਜ਼ਾ ਹੀ ਨਹੀਂ ਸਗੋਂ ਪੰਜਾਬ ਦਾ ਹਰ ਨਵਜੰਮਿਆ ਬੱਚਾ ਇੱਕ ਲੱਖ ਰੁਪਏ ਦਾ ਕਰਜ਼ਈ ਜੰਮਦਾ ਹੈ। ਬਸਪਾ ਪੰਜਾਬੀਆਂ ਨੂੰ ਲਾਮਬੰਦ ਕਰ ਕੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਵਾਲੀਆਂ ਯੋਜਨਾਵਾਂ ਨਾਲ ਤੇ ਉਤਪਾਦਕਤਾ ਦੇ ਸੋਮਿਆਂ ਨੂੰ ਵਿਕਸਿਤ ਕਰ ਕੇ ਪੰਜਾਬ ਨੂੰ ਕਰਜ਼ ਜਾਲ ਵਿੱਚੋਂ ਬਾਹਰ ਕੱਢੇਗੀ।