ਗੁਰਦੇਵ ਸਿੰਘ ਗਹੂੰਣ
ਬਲਾਚੌਰ, 28 ਜਨਵਰੀ
ਲਕਸ਼ਿਆ ਫਾਊਂਡੇਸ਼ਨ ਵੱਲੋਂ ‘ਮਾਈ ਕਰੀਅਰ ਗਾਈਡ’ ਪ੍ਰੋਗਰਾਮ ਕਰਵਾਇਆ ਗਿਆ। ਸਥਾਨਕ ਚੌਧਰੀ ਪੈਲੇਸ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਇਲਾਕੇ ਭਰ ਵਿੱਚੋਂ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਸਮਾਗਮ ਦਾ ਆਗਾਜ਼ ਕਰਦਿਆਂ ਮੁੱਖ ਮਹਿਮਾਨ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਜੋ ਵੀ ਸੰਸਥਾ ਜਾਂ ਵਿਅਕਤੀ ਵਿਦਿਆਰਥੀਆਂ ਦੇ ਕਰੀਅਰ ਲਈ ਉਪਰਾਲੇ ਕਰਦਾ ਹੈ, ਉਹ ਸੱਚਾ ਦੇਸ਼ ਭਗਤ ਹੈ। ਇਸ ਦੌਰਾਨ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਸ਼ਾ ਮਾਹਿਰਾਂ ਵੱਲੋਂ ਵੱਖ-ਵੱਖ ਕੋਰਸਾਂ ਅਤੇੇ ਕਿੱਤਾਕਾਰੀ ਕੋਰਸਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੇ ਭਵਿੱਖ ਟੀਚਿਆਂ ਸਬੰਧੀ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ। ਵਿੱਦਿਅਕ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਲਕਸ਼ਿਆ ਫਾਊਂਡੇਸ਼ਨ ਦੇ ਸਰਪ੍ਰਸਤ ਅਜੇ ਮੰਗੂਪੁਰ ਵੱਲੋਂ ਨਕਦ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਵਿੱਚ ਨਟਰਾਜ ਅਕੈਡਮੀ, ਮਾਊਂਟ ਕੈਰਮਲ ਸਕੂਲ ਅਤੇ ਸਰਕਾਰੀ ਹਾਈ ਸਕੂਲ ਗਹੂੰਣ ਦੇ ਬੱਚਿਆਂ ਵੱਲੋਂ ਦਿਲਕਸ਼ ਪੇਸ਼ਕਾਰੀਆਂ ਦਿੱਤੀਆਂ ਗਈਆਂ।