ਪੱਤਰ ਪ੍ਰੇਰਕ
ਤਲਵਾੜਾ, 13 ਜੁਲਾਈ
ਭਾਖੜਾ ਬਿਆਸ ਐਂਪਲਾਈਜ਼ ਯੂਨੀਅਨ (ਏਟਕ-ਐਫੀ) ਵੱਲੋਂ ਨੇੜਲੇ ਸਰਹੱਦੀ ਕਸਬਾ ਸੰਸਾਰਪੁਰ ਟੈਰਸ ਅਤੇ ਚੀਫ਼ ਇੰਜਨੀਅਰ ਦਫ਼ਤਰ ਤਲਵਾੜਾ ਵਿੱਚ ਗੇਟ ਰੈਲੀਆਂ ਕੀਤੀਆਂ ਗਈਆਂ। ਗੇਟ ਰੈਲੀਆਂ ਦੀ ਪ੍ਰਧਾਨਗੀ ਏਟਕ ਪ੍ਰਧਾਨ ਅਸ਼ੋਕ ਕੁਮਾਰ ਨੇ ਕੀਤੀ।
ਯੂਨੀਅਨ ਆਗੂਆਂ ਨੇ ਪ੍ਰਬੰਧਕ ਬੋਰਡ ਦੀ ਕਾਰਜ਼ਗੁਜ਼ਾਰੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਸਾਲ 2017 ਵਿੱਚ ਪੁਨਰਗਠਨ ਦੇ ਨਾਂ ’ਤੇ ਵਿਭਾਗ ਦੇ ਕਈ ਕਰਮਚਾਰੀਆਂ ਦਾ ਪ੍ਰਮੋਸ਼ਨ ਚੈਨਲ ਸਮਾਪਤ ਕਰਨ ਦੇ ਦੋਸ਼ ਲਗਾਏ। ਪੰਜਾਬ ਸਟੇਟ ਕਾਰਪੋਰੇਸ਼ਨ ਵੱਲੋਂ ਆਪਣੇ 35 ਹਜ਼ਾਰ ਦੇ ਕਰੀਬ ਕਰਮਚਾਰੀਆਂ ਨੂੰ ਦਸੰਬਰ 2021 ਤੋਂ 6ਵਾਂ ਤਨਖਾਹ ਕਮਿਸ਼ਨ ਦੇਣ ਦੇ ਬਾਵਜੂਦ ਪ੍ਰਬੰਧਕ ਬੋਰਡ ਆਪਣੇ 8 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਇਹ ਲਾਭ ਦੇਣ ਤੋਂ ਟਾਲਾ ਵੱਟ ਰਿਹਾ ਹੈ। ਪ੍ਰਸ਼ਾਸਨ ਨੇ ਲੰਘੀ 24 ਤਾਰੀਕ ਨੂੰ ਯੂਨੀਅਨ ਆਗੂਆਂ ਨੂੰ 8 ਜੁਲਾਈ ਤੱਕ ਸਾਰੇ ਕਰਮਚਾਰੀਆਂ ਨੂੰ ਨਵੇਂ ਵੇਤਨਮਾਨ ਦਾ ਲਾਭ ਦੇਣ ਦਾ ਭਰੋਸਾ ਦਿੱਤਾ ਸੀ। ਪਰ ਅਜੇ ਤੱਕ ਪ੍ਰਸ਼ਾਸਨ ਨੇ ਉਕੱਤ ਮਸਲੇ ‘ਚ ਪੂਣੀ ਤੱਕ ਨਹੀਂ ਕੱਤੀ। ਮੁਲਾਜ਼ਮ ਆਗੂ ਸ਼ਿਵ ਕੁਮਾਰ, ਇਕਬਾਲ ਸਿੰਘ ਪ੍ਰੀਤਮ ਚੰਦ, ਰਵਿੰਦਰ ਕੁਮਾਰ ਆਦਿ ਨੇ ਪ੍ਰਬੰਧਕ ਬੋਰਡ ਨੂੰ 25 ਤਾਰੀਕ ਤੱਕ 6ਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਅਤੇ ਬਣਦਾ ਏਰੀਅਰ ਨਾ ਦੇਣ ’ਤੇ 26 ਤਾਰੀਕ ਨੂੰ ਚੀਫ਼ ਇੰਜਨਿਅਰ ਬਿਆਸ ਡੈਮ ਅਤੇ ਮੁੱਖ ਲੇਖਾਕਾਰ ਤਲਵਾੜਾ ਦੇ ਦਫ਼ਤਰਾਂ ਦੇ ਘਿਰਾਓ ਦੀ ਚੇਤਾਵਨੀ ਦਿੱਤੀ ਹੈ।