ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 28 ਜਨਵਰੀ
ਚੋਣਾਂ ਦੇ ਮੌਸਮ ਵਿਚ ਰਾਜਨੀਤਕ ਪਾਰਟੀਆਂ ਦੇ ਚੋਣ ਮੈਨੀਫੈਸਟੋ ਵਿੱਚ ਗਰੀਨ ਮੈਨੀਫੈਸਟੋ ਨੂੰ ਸ਼ਾਮਲ ਕਰਵਾਉਣ ਨਾਲ ਹੀ ਸੂਬੇ ਵਿੱਚ ਦੁਬਾਰਾ ਹਰਿਆਲੀ ਤੇ ਖੁਸ਼ਹਾਲੀ ਲਿਆਂਦੀ ਜਾ ਸਕਦੀ ਹੈ। ਇਹ ਪ੍ਰਗਟਾਵਾ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਾਗਰੂਕ ਲੋਕਾਂ ਵੱਲੋਂ ਇਸ ਗੰਭੀਰ ਮੁੱਦੇ ਉੱਪਰ ਅਵਾਜ਼ ਬੁਲੰਦ ਨਾ ਕੀਤੇ ਜਾਣ ਕਾਰਣ ਹੀ ਹੁਣ ਤੱਕ ਰਾਜਨੀਤਕ ਲੋਕਾਂ,ਧਨ ਕੁਬੇਰਾਂ ਅਤੇ ਅਫਸ਼ਰਸ਼ਾਹੀ ਨੇ ਚੌਗਿਰਦੇ ਨੂੰ ਪਲੀਤ ਹੋਣ ਤੋਂ ਬਚਾਉਣ ਵੱਲ ਕੋਈ ਵਿਸ਼ੇਸ਼ ਧਿਆਨ ਨਹੀ ਦਿੱਤਾ। ਚੋਣਾਂ ਵਿਚ ਵਾਤਾਵਰਣ ਦੇ ਮੁੱਦੇ ਨੂੰ ਮੁੱਖ ਮੁੱਦਾ ਬਣਾਉਣ ਨਾਲ ਹੀ ਬੱਚਿਆਂ ਦੇ ਭਵਿੱਖ ਨੂੰ ਬਚਾਇਆ ਜਾ ਸਕਦਾ ਹੈ।ਜੇਕਰ ਹੁਣ ਵੀ ਪੰਜਾਬੀਆਂ ਨੇ ਰਾਜਨੀਤਕ ਲੋਕਾਂ ਉੱਪਰ ਗਰੀਨ ਚੋਣ ਮੈਨੀਫੈਸਟੋ ਲਿਆਉਣ ਲਈ ਦਬਾਅ ਨਾ ਬਣਾਇਆ ਤਾਂ ਆਉਣ ਵਾਲੀ ਪੀੜ੍ਹੀ ਨੂੰ ਪਾਣੀ ਦੀਆਂ ਬੋਤਲਾਂ ਦੇ ਨਾਲ ਨਾਲ ਗੈਸ ਸਲੰਡਰ ਵੀ ਚੁੱਕਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੇ ਸੋਮਿਆਂ ਨੂੰ ਬਚਾਉਣ ਲਈ ਜੇਕਰ ਸਾਂਝੇ ਯਤਨ ਨਾ ਜੁਟਾਏ ਤਾਂ ਆਉਣ ਵਾਲੇ 17 ਸਾਲਾਂ ’ਚ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਜਾਣਗੇ। ਉਨ੍ਹਾਂ ਕਿਹਾ ਕਿ ਜੋਨੇ ਦਾ ਬਦਲ ਪੇਸ਼ ਕਰਕੇ ਅਤੇ ਆਧੁਨਿਕ ਤਕਨੀਕ ਨਾਲ ਖੇਤੀ ਕਰਵਾਉਣ ਨਾਲ ਹੀ ਧਰਤੀ ਨੂੰ ਜਰਖੇਜ਼ ਹੋਣ ਤੋਂ ਬਚਾਇਆ ਜਾ ਸਕਦਾ ਹੈ। ਪੰਜਾਬ ਵਿੱਚ ਇਸ ਸਮੇਂ 4.6 ਫੀਸਦੀ ਹੀ ਜੰਗਲੀ ਖੇਤਰ ਰਹਿ ਗਿਆ ਹੈ। ਹਰ ਪਾਰਟੀ ਉੱਪਰ 5 ਸਾਲਾਂ ਵਿੱਚ 10 ਫੀਸਦੀ ਜੰਗਲੀ ਖੇਤਰ ਲਿਆਉਣ ਦੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਵੋਟਾਂ ਲੈਣ ਵਾਲਿਆਂ ਨੂੰ ਸਵਾਲ ਕਰਨ ਕਿ ਉਹ ਉਨ੍ਹਾਂ ਦੇ ਜਿਉਣ ਲਈ ਧਰਤੀ,ਪਾਣੀ ਅਤੇ ਹਵਾਂ ਨੂੰ ਸ਼ੁੱਧ ਕਰਨ ਲਈ ਕੀ ਕਰਨਗੇ। ਉਨ੍ਹਾਂ ਸਰਵ ਉੱਚ ਅਦਾਲਤ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਕੀਤੀ। ਇਸ ਮੌਕੇ ਸੁਰਜੀਤ ਸਿੰਘ ਸੈਂਟੀ,ਜਸਪਾਲ ਸਿੰਘ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਕਈ ਆਗੂ ਮੌਜੂਦ ਸਨ।