ਜਸਬੀਰ ਸਿੰਘ ਚਾਨਾ
ਫਗਵਾੜਾ, 26 ਜੁਲਾਈ
ਫਗਵਾੜਾ ਦੇ ਖਲਵਾੜਾ ਗੇਟ ਦੇ ਵਾਸੀ ਵੱਲੋਂ ਪੰਜਾਬ ਪੁਲੀਸ ਦੇ ਡੀਜੀਪੀ ਨੂੰ ਧੋਖਾਧੜੀ ਦੀ ਦਰਖਾਸਤ ਦਿੱਤੀ ਨੂੰ ਕਰੀਬ ਸਾਢੇ ਚਾਰ ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ਪਰ ਕਿਸੇ ਵੀ ਅਧਿਕਾਰੀ ਵੱਲੋਂ ਉਸਦੀ ਸੁਣਵਾਈ ਨਹੀਂ ਕੀਤੀ ਗਈ। ਇੰਜਨੀਅਰ ਅਮਨ ਭਾਰਦਵਾਜ ਨੇ ਦੱਸਿਆ ਕਿ ਲੁਧਿਆਣਾ ਦਾ ਇੱਕ ਕਾਰ ਡੀਲਰ ਕਰੀਬ ਇੱਕ ਸਾਲ ਪਹਿਲਾਂ ਉਸਦੀ ਗੱਡੀ ਮੰਗ ਕੇ ਲੈ ਗਿਆ ਸੀ, ਜਿਸ ਨੇ ਲੁਧਿਆਣਾ ਜਾ ਕੇ ਇਹ ਗੱਡੀ ਵੇਚ ਦਿੱਤੀ ਹੈ। ਫ਼ਿਲਹਾਲ ਗੱਡੀ ਦੇ ਕਾਗ਼ਜ਼ ਵੀ ਉਸਦੇ ਨਾਂ ’ਤੇ ਹਨ। ਸਿਟੀ ਪੁਲੀਸ ਦੇ ਪਾਸ ਉਹ ਘੱਟੋਂ ਘੱਟ 100 ਗੇੜੇ ਮਾਰ ਚੁੱਕਾ ਹੈ ਤੇ ਉਸਦੀ ਕੋਈ ਸੁਣਵਾਈ ਨਹੀਂ ਹੈ। ਪੀੜਤ ਨੇ ਦੱਸਿਆ ਕਿ 9 ਜੁਲਾਈ ਨੂੰ ਉਹ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੂੰ ਵੀ ਮਿਲ ਚੁੱਕੇ ਹਨ, ਜਿਨ੍ਹਾਂ ਡੀਐੱਸਪੀ ਫਗਵਾੜਾ ਨੂੰ ਤੁਰੰਤ ਕਾਰਵਾਈ ਦੇ ਹੁਕਮ ਕੀਤਾ ਸੀ। ਅੱਜ ਪੀੜਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਡੀਜੀਪੀ ਨੂੰ ਟਵੀਟ ਵੀ ਕੀਤਾ ਹੈ ਤੇ ਪੱਤਰ ਵੀ ਲਿਖ ਦਿੱਤਾ ਹੈ। ਡੀਐੱਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਐੱਸਐੱਚਓ ਵੱਲੋਂ ਸਬੰਧਤ ਪਾਰਟੀ ਨੂੰ ਬੁਲਾਇਆ ਸੀ ਪਰ ਹੱਲ ਨਹੀਂ ਨਿਕਲਿਆ ਤੇ ਐੱਸਐੱਚਓ ਵੱਲੋਂ ਇਸ ਦੀ ਰਿਪੋਰਟ ਤਿਆਰ ਕਰ ਕੇ ਭੇਜਣ ਉਪਰੰਤ ਕੇਸ ਦਰਜ ਕੀਤਾ ਜਾਵੇਗਾ। ਐੱਸਐੱਚਓ ਅਮਨਦੀਪ ਨਾਹਰ ਨੇ ਕਿਹਾ ਕਿ ਰਿਪੋਰਟ ਕਰ ਕੇ ਡੀਏ ਲੀਗਲ ਦੀ ਰਾਏ ਲਈ ਭੇਜੀ ਜਾ ਰਹੀ ਹੈ।