ਗੁਰਦੇਵ ਸਿੰਘ ਗਹੂੰਣ
ਬਲਾਚੌਰ, 5 ਅਗਸਤ
ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਨੀਤੀਆਂ ਖਿਲਾਫ਼ ਪੰਜਾਬ, ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਟਿਊਬਵੈੱਲ ਕਾਰਪੋਰੇਸ਼ਨ, ਪੀਡਬਲਯੂਡੀ, ਸਿੱਖਿਆ ਵਿਭਾਗ, ਐਂਪਲਾਈਜ਼ ਫੈਡਰੇਸ਼ਨ, ਪੰਜਾਬ ਰਾਜ ਪਾਵਰਕੌਮ ਪਹਿਲਵਾਨ ਗਰੁੱਪ, ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਅਤੇ ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਆਦਿ ਭਰਾਤਰੀ ਜਥੇਬੰਦੀਆਂ ਵਲੋਂ ਬਲਾਚੌਰ ਵਿੱਚ ਰੋਹ ਭਰਪੂਰ ਐਕਸ਼ਨ ਕੀਤਾ ਗਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰਾਂ ਦੀ ਅਰਥੀ ਫੂਕੀ। ਬੁਲਾਰਿਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੀ ਆੜ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਕੀਤੀ ਜਾ ਰਹੀ ਕਟੌਤੀ ਆਦਿ ਘਟੀਆਂ ਨੀਤੀਆਂ ’ਤੇ ਚਾਨਣਾ ਪਾਉਂਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ।
ਪਠਾਨਕੋਟ, (ਐੱਨਪੀ ਧਵਨ): ਪੰਜਾਬ ਯੂਟੀ ਮੁਲਾਜ਼ਮ ਐਂਡ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ’ਤੇ ਜ਼ਿਲ੍ਹਾ ਕਨਵੀਨਰ ਗੁਰਨਾਮ ਸਿੰਘ ਸੈਣੀ, ਪੀਐੱਸਐੱਸਐੱਫ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਧੀਮਾਨ ਅਤੇ ਪੈਨਸ਼ਨਰਜ਼ ਦੇ ਕਨਵੀਨਰ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਕੰਪਲੈਕਸ ਪਠਾਨਕੋਟ ਦੇ ਮੂਹਰੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਜੰਡਿਆਲਾ ਗੁਰੂ, (ਸਿਮਰਤ ਪਾਲ ਸਿੰਘ ਬੇਦੀ): ਅੱਜ ਸਥਾਨਕ ਬਿਜਲੀ ਘਰ ’ਚ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ ਰੋਸ ਰੈਲੀ ਅਤੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।
ਪੇਂਡੂ ਮਜ਼ਦੂਰ ਯੂਨੀਅਨ ਨੇ ਖੁਰਾਕ ਮੰਤਰੀ ਦਾ ਪੁਤਲਾ ਫੂਕਿਆ
ਜਲੰਧਰ, (ਪਾਲ ਸਿੰਘ ਨੌਲੀ): ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਥਾਂ-ਥਾਂ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਗਏ। ਜਥੇਬੰਦੀ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿੱਚ ਲਗਪਗ 25 ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਪੰਜਾਬ ਭਰ ਵਿੱਚ ਵੀ ਕੀਤੇ ਗਏ ਰੋਸ ਪ੍ਰਦਰਸ਼ਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।ਮੁਜ਼ਾਹਰਾਕਾਰੀਆਂ ਨੇ ਬੀਡੀਪੀਓ ਦਫ਼ਤਰ ਸਾਹਮਣੇ ਖੁਰਾਕ ਮੰਤਰੀ ਭਾਰਤ ਭੂਸ਼ਣ ਦਾ ਪੁਤਲਾ ਫੂਕਿਆ।ਇੱਕ ਵੱਖਰੇ ਮਤੇ ਰਾਹੀਂ ਪੱਤਰਕਾਰ ਮਨਜੀਤ ਮਾਨ ਨੂੰ ਸਿਆਸੀ ਰੰਜਿਸ਼ ਕਾਰਨ ਦਰਜ ਕੀਤੇ ਕਤਲ ਦੇ ਝੂਠੇ ਕੇਸ ਵਿੱਚੋਂ ਬਾਹਰ ਕਰਨ ਦੀ ਕਪੂਰਥਲਾ ਪੁਲੀਸ ਤੋਂ ਮੰਗ ਕੀਤੀ ਗਈ।
ਕਰਤਾਰਪੁਰ, (ਗੁਰਨੇਕ ਸਿੰਘ ਵਿਰਦੀ):
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਲੌਕਡਾਊਨ ਦੌਰਾਨ ਗ਼ਰੀਬ ਮਜ਼ਦੂਰਾਂ ਨੂੰ ਰਾਸ਼ਨ ਨਾ ਦੇਣ ਅਤੇ ਸੱਤਾਧਾਰੀ ਆਗੂਆਂ ਨੇ ਰਾਸ਼ਨ ਵੰਡਣ ’ਚ ਕੀਤੀ ਕਥਿਤ ਘਪਲੇਬਾਜ਼ੀ ਵਿਰੁੱਧ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਰਤਾਰਪੁਰ ਵਿੱਚ ਪੁਤਲਾ ਫੂਕ ਕੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਯੂਨੀਅਨ ਦੇ ਸੂਬਾਈ ਸਕੱਤਰ ਕਸ਼ਮੀਰ ਸਿੰਘ ਘੁਗਸ਼ੋਰ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਲੌਕਡਾਊਨ ਦੌਰਾਨ ਗ਼ਰੀਬ ਮਜ਼ਦੂਰਾਂ ਨੂੰ ਦੋ ਰੁਪਏ ਕਿਲੋ ਕਣਕ ਨਹੀਂ ਦਿੱਤੀ।