ਦੀਪਕ ਠਾਕੁਰ
ਤਲਵਾੜਾ, 6 ਦਸੰਬਰ
ਅੰਦੋਲਨਕਾਰੀ ਕਿਸਾਨਾਂ ਦੇ ਸੰਘਰਸ਼ ’ਚ ਮੁਲਾਜ਼ਮ, ਸਮਾਜਿਕ ਤੇ ਰਾਜਨੀਤਕ ਸੰਗਠਨ ਵੀ ਕੁੱਦ ਪਏ ਹਨ। ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ 9 ਦਸੰਬਰ ਨੂੰ ਮੁਹਾਲੀ ਵਿੱਚ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਮੁਲਤਵੀ ਕਰ ਦਿੱਤੀ ਹੈ। ਜਥੇਬੰਦੀ ਨੇ 8 ਦਸੰਬਰ ਨੂੰ ‘ਭਾਰਤ ਬੰਦ’ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਜਥੇਬੰਦੀ ਦੇ ਸੂਬਾ ਕਨਵੀਨਰ ਸੁਖਚੈਨ ਸਿੰਘ ਖਹਿਰਾ, ਸੱਜਣ ਸਿੰਘ, ਅਵਿਨਾਸ਼ ਚੰਦਰ ਸ਼ਰਮਾ ਤੇ ਹੋਰ ਆਗੂ ਹਾਜ਼ਰ ਸਨ। ਇਸੇ ਤਰ੍ਹਾਂ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਤਹਿਸੀਲ ਮੁਕੇਰੀਆਂ ਦੀ ਮੀਟਿੰਗ ਪ੍ਰਧਾਨ ਗਿਆਨ ਸਿੰਘ ਗੁਪਤਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਹਾਜ਼ਰ ਪੈਨਸ਼ਨਰ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ। ਇਸੇ ਤਰ੍ਹਾਂ ਦੇਸ਼ ਭਗਤ ਪੰਡਤ ਕਿਸ਼ੋਰੀ ਲਾਲ ਯਾਦਗਾਰੀ ਕਮੇਟੀ, ਤਲਵਾੜਾ, ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਜਨਵਾਦੀ ਇਸਤਰੀ ਸਭਾ, ਪਸਸਫ਼, ਜੀਟੀਯੂ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ, ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਆਰਐਮਪੀਆਈ ਨੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ।
ਦਸੂਹਾ (ਭਗਵਾਨ ਦਾਸ ਸੰਦਲ): ਇੱਥੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਤਿੱਖਾ ਕਰਨ ਸਬੰਧੀ 8 ਦਸੰਬਰ ਨੂੰ ‘ਭਾਰਤ ਬੰਦ’ ਦਾ ਕਿਸਾਨ, ਵਪਾਰਕ ਤੇ ਮੁਲਾਜ਼ਮ ਜਥੇਬੰਦੀਆਂ ਨੇ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਭੁਪਿੰਦਰ ਸਿੰਘ ਘੁੰਮਣ ਤੇ ਜਰਨੈਲ ਸਿੰਘ ਗੜ੍ਹਦੀਵਾਲਾ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਗੁਰਮੁਖ ਸਿੰਘ ਬਾਜਵਾ, ਰਣਜੀਤ ਸਿੰਘ ਬਾਜਵਾ, ਦਵਿੰਦਰ ਸਿੰਘ ਬਸਰਾ ਤੇ ਹੋਰ ਆਗੂਆਂ ਨੇ ਕਿਹਾ ਕਿ ਦੇਸ਼ ਬੰਦ ਦੇ ਦਿੱਤੇ ਸੱਦੇ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਹਾਜ਼ੀਪੁਰ ਚੌਕ ’ਚ ਚੱਕਾ ਜਾਮ ਕਰ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਕਈ ਅਧਿਆਪਕ ਜਥੇਬੰਦੀਆਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਬੰਦ ਦਾ ਪੁਰਜ਼ੋਰ ਸਮਰਥਨ ਕੀਤਾ ਹੈ।
ਪੰਜਾਬ ਐਜੂਕੇਸ਼ਨਿਸਟਸ ਫੋਰਮ ਵੱਲੋਂ ਵੀ ਹਮਾਇਤ
ਜਲੰਧਰ (ਆਦਮਪੁਰ ਦੋਆਬਾ) (ਹਤਿੰਦਰ ਮਹਿਤਾ): ਪੰਜਾਬ ਐਜੂਕੇਸ਼ਨਿਸਟਸ ਫੋਰਮ ਨੇ ਪੰਜਾਬ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਬੁੱਧੀਜੀਵੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਅੰਦੋਲਨ ਦੇ ਹੱੱਕ ਵਿੱਚ ਆਵਾਜ਼ ਉਠਾਉਣ। ਫੋਰਮ ਦੇ ਪ੍ਰਧਾਨ ਪ੍ਰਿੰਸੀਪਲ ਤਰਸੇਮ ਬਾਹੀਆ, ਉਪ ਪ੍ਰਧਾਨ ਪ੍ਰਿੰਸੀਪਲ ਡਾ. ਨਵਜੋਤ, ਜਨਰਲ ਸਕੱਤਰ ਕੁਲਦੀਪ ਸਿੰਘ ਤੇ ਜੈਪਾਲ ਸਿੰਘ ਨੇ 8 ਦਸੰਬਰ ਨੂੰ ‘ਭਾਰਤ ਬੰਦ’ ਦੇ ਸੱਦੇ ਦੀ ਹਮਾਇਤ ਕੀਤੀ।