ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 5 ਮਈ
ਨੌਜਵਾਨਾਂ ਨੂੰ ਤਕਨੀਕੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿਤ ਟਾਟਾ ਟੈਕਨਾਲੋਜੀ ਦੇ ਪ੍ਰੈਜ਼ੀਡੈਂਟ ਗਲੋਬਲ ਐੱਚ.ਆਰ. ਐਂਡ ਆਈ.ਟੀ. ਪਵਨ ਭਗੇਰੀਆ ਨੇ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਰੈਲ ਮਾਜਰਾ ਵਿਖੇ 250 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਟਾਟਾ ਇਲੈਕਟ੍ਰਿਕ ਵਾਹਨ ਕਾਮਨ ਫੈਸਿਲਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਨੂੰ 1630 ਕਰੋੜ ਰੁਪਏ ਤੱਕ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਪਣੇ ਭਾਈਵਾਲਾਂ ਆਈ.ਬੀ.ਐੱਮ., ਟਾਟਾ ਟੈਕਨਾਲੋਜੀ ਅਤੇ ਐੱਨਸਿਸ ਨਾਲ ਮਿਲ ਕੇ ਇੱਕ ਵਿਸ਼ਵ ਪੱਧਰੀ ਇਨੋਵੈਨਸ਼ਨ ਸੈਂਟਰ ਸਥਾਪਿਤ ਕਰ ਰਹੀ ਹੈ, ਜੋ ਸਕਿੱਲ ਨਾਲ ਸੁਸੱਜਿਤ ਮੈਨ ਪਾਵਰ ਨੂੰ ਉਦਯੋਗ ਦੀ ਜ਼ਰੂਰਤ ਅਨੁਸਾਰ ਤਿਆਰ ਕਰਕੇ ਪ੍ਰਦਾਨ ਕਰੇਗਾ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿੱਚ ਪੰਜਾਬ ਵਿੱਚ ਇੱਕ ਇਨਕਲਾਬ ਆਵੇਗਾ।