ਜਗਜੀਤ ਸਿੰਘ
ਮੁਕੇਰੀਆਂ, 4 ਫਰਵਰੀ
ਸ਼ਹਿਰ ਦੀ ਧਾਰਮਿਕ ਸਭਾ ਭਗਵਾਨ ਬਾਲਮੀਕਿ ਸਭਾ ਮੰਦਰ ਕਮੇਟੀ ਦੀ ਪਾਰਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰ ਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਝੰਡਿਆਂ ਤੇ ਪੋਸਟਰਾਂ ਨਾਲ ਭਰੀ ਹੋਈ ਹੈ। ਅਜਿਹਾ ਕਰਨਾ ਚੋਣ ਜ਼ਾਬਤੇ ਦੀ ਓਲੰਘਣਾ ਹੈ। ਇਸ ਖ਼ਰਚੇ ਨੂੰ ਸਬੰਧਿਤ ਉਮੀਦਵਾਰਾਂ ਦੇ ਖਾਤੇ ਵਿੱਚ ਪਾਇਆ ਜਾਣਾ ਹੁੰਦਾ ਹੈ। ਸ਼ਹਿਰ ਦੇ ਬਾਜ਼ਾਰਾਂ ’ਚ ਵੱਖ ਵੱਖ ਰਾਜਸੀ ਪਾਰਟੀਆਂ ਦੇ ਝੰਡੇ ਅਤੇ ਹੋਰਡਿੰਗ ਲੱਗੇ ਹਨ, ਪਰ ਨਗਰ ਕੌਂਸਲ ਜਾਂ ਚੋਣ ਅਧਿਕਾਰੀ ਇਸ ਤੋਂ ਅਣਜਾਣ ਜਾਪਦੇ ਹਨ। ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਦੁਕਾਨਾਂ ਦੇ ਬਾਹਰ ਰਾਤ ਵੇਲੇ ਸਿਆਸੀ ਪਾਰਟੀਆਂ ਦੇ ਝੰਡੇ ਲਗਾ ਦਿੱਤੇ ਗਏ ਹਨ, ਪਰ ਉਨ੍ਹਾਂ ਨੇ ਕਿਸੇ ਨੂੰ ਅਜਿਹੀ ਸਹਿਮਤੀ ਨਹੀਂ ਦਿੱਤੀ। ਜੇ ਉਹ ਉਤਾਰਦੇ ਹਨ ਤਾਂ ਚੋਣਾਂ ਵਿੱਚ ਵਿਰੋਧਤਾ ਕਾਰਨ ਨੁਕਸਾਨ ਝੱਲਣਾ ਪੈ ਸਕਦਾ ਹੈ, ਪਰ ਚੋਣ ਅਧਿਕਾਰੀ ਅਤੇ ਨਗਰ ਕੌਂਸਲ ਇਸ ਵੱਲ ਧਿਆਨ ਨਹੀਂ ਦੇ ਰਹੇ। ਬਾਜ਼ਾਰਾਂ ਵਿੱਚ ਝੰਡੀਆਂ ਲਗਾ ਕੇ ਦੁਕਾਨਦਾਰਾਂ ਨੂੰ ਪਾਰਟੀਆਂ ਦੇ ਸਮਰਥਕ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੀਪੀਆਈ (ਐੱਮ) ਦੇ ਤਹਿਸੀਲ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਧਾਰਮਿਕ ਸਭਾਵਾਂ ਦੀਆਂ ਜਾਇਦਾਦਾਂ ਰਾਹੀਂ ਸਿਆਸੀ ਪ੍ਰਚਾਰ ਚੋਣ ਨਿਯਮਾਂ ਦੀ ਉਲੰਘਣਾ ਹੈ।
ਰਿਟਰਨਿੰਗ ਅਫ਼ਸਰ ਕਮ ਐੱਸਡੀਐੱਮ ਕੰਵਲਜੀਤ ਸਿੰਘ ਨੂੰ ਪੱਖ ਜਾਨਣ ਲਈ ਫੋਨ ਕੀਤਾ ਪਰ ਉਨ੍ਹਾਂ ਨੇ ਨਾ ਤਾਂ ਫੋਨ ਦਾ ਜਵਾਬ ਦਿੱਤਾ ਤੇ ਨਾ ਹੀ ਵਟਸਐਪ ਰਾਹੀਂ ਭੇਜੀਆਂ ਫੋਟੋਆਂ ਤੇ ਸੁਨੇਹੇ ਦਾ ਕੋਈ ਜਵਾਬ ਦਿੱਤਾ। ਨਗਰ ਕੌਂਸਲ ਦੇ ਈਓ ਕਰਮਿੰਦਰਪਾਲ ਸਿੰਘ ਨੇ ਕਿਹਾ ਕਿ ਧਾਰਮਿਕ ਸਭਾ ਦੀ ਪਾਰਕ ਵਿੱਚ ਲੱਗੇ ਪਾਰਟੀਆਂ ਦੇ ਝੰਡਿਆਂ ਜਾਂ ਹੋਰਡਿੰਗਾਂ ਬਾਰੇ ਉਹ ਅਣਜਾਣ ਹਨ, ਜਾਣਕਾਰੀ ਹਾਸਲ ਕਰ ਕੇ ਕਾਰਵਾਈ ਕੀਤੀ ਜਾਵੇਗੀ। ਦੁਕਾਨਾਂ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਕੁਝ ਦੁਕਾਨਦਾਰਾਂ ਕੋਲੋਂ ਸਹਿਮਤੀ ਪੱਤਰ ਲਏ ਗਏ ਹਨ ਅਤੇ ਰਹਿੰਦਿਆਂ ਕੋਲ ਲੈ ਲਏ ਜਾਣਗੇ।