ਗੁਰਦੇਵ ਸਿੰਘ ਗਹੂੰਣ
ਬਲਾਚੌਰ, 6 ਫਰਵਰੀ
ਬਲਾਚੌਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਚੋਣ ਮੁਹਿੰਮ ਨੂੰ ਹਲਕੇ ਦੇ ਸਮੂਹ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਵੱਲੋਂ ਟੀਮਾਂ ਬਣਾ ਕੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਹਲਕੇ ਦੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਬਲਾਚੌਰ ਬਲਾਕ ਦੇ ਪਰਾਗਪੁਰ, ਦੋਭਾਲੀ, ਬੀੜ੍ਹ ਕਾਠਗੜ੍ਹ, ਮੰਡੇਰ ਅਤੇ ਮੁੱਤੋਂ ਮੰਡ ਆਦਿ ਪਿੰਡਾਂ ਵਿੱਚ ਚੋਣ ਸਭਾਵਾਂ ਕੀਤੀਆਂ। ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਉਨ੍ਹਾਂ ਵਲੋਂ ਸਮੁੱਚੇ ਹਲਕੇ ਦਾ ਭਰਵਾਂ ਵਿਕਾਸ ਕਰਵਾਇਆ ਗਿਆ ਹੈ ਜਿਸ ਵਿੱਚ ਪਿੰਡਾਂ ਦੀਆਂ ਪ੍ਰਮੁੱਖ ਲਿੰਕ ਸੜਕਾਂ ਨੂੰ 18 ਫੁੱਟ ਚੌੜੀਆਂ ਕਰਕੇ ਬਣਵਾਉਣਾ, ਬੇਟ ਦੇ ਮੁੱਤੋ, ਗਰਲੋਂ ਬੇਟ ਅਤੇ ਮਹਿਤਪੁਰ ਆਦਿ ਪਿੰਡਾਂ ਦੇ ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅਪਗਰੇਡ ਕਰਵਾਉਣਾ ਤੇ ਪਿੰਡਾਂ ਦੀ ਲੋੜ ਅਨੁਸਾਰ ਗਰਾਂਟਾਂ ਦੇਣਾ ਸ਼ਾਮਲ ਹੈ।