ਜੇ ਬੀ ਸੇਖੋਂ
ਗੜ੍ਹਸ਼ੰਕਰ, 18 ਜੂਨ
ਇੱਥੇ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ’ਤੇ ਸਥਿਤ ਪਿੰਡ ਟੂਟੋਮਜਾਰਾ ਨੇੜੇ ਅੱਜ ਸਵੇਰੇ ਇੱਕ ਬੱਸ ਅਤੇ ਕਾਰ ਦੀ ਸਿੱਧੀ ਟੱਕਰ ਕਾਰਨ ਕਾਰ ਵਿੱਚ ਸਵਾਰ ਬਿਰਧ ਔਰਤ ਦੀ ਮੌਤ ਹੋ ਗਈ ਜਦਕਿ ਕਾਰ ਵਿੱਚ ਸਵਾਰ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਪਿੰਡ ਪਾਸ਼ਟਾਂ (ਫਗਵਾੜਾ) ਦਾ ਵਸਨੀਕ ਇਹ ਪਰਿਵਾਰ ਆਪਣੀ ਕਾਰ ਸਵਿਫਟ ਨੰਬਰ ਪੀਬੀ 36 ਜੇ 3198 ਵਿੱਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਪਣੇ ਮ੍ਰਿਤਕ ਸਬੰਧੀ ਦੀਆਂ ਅਸਥੀਆਂ ਤਾਰਨ ਲਈ ਜਾ ਰਿਹਾ ਸੀ ਕਿ ਕਸਬਾ ਟੂਟੋਮਜਾਰਾ ਨੇੜੇ ਇੱਕ ਟਰੱਕ ਨੂੰ ਓਵਰਟੇਕ ਕਰਦਿਆਂ ਗੜ੍ਹਸ਼ੰਕਰ ਤੋਂ ਮਾਹਿਲਪੁਰ ਵੱਲ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ07 ਸੀਏ 3589 ਨਾਲ ਕਾਰ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਸੁਰਜੀਤ ਕੌਰ (80) ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਕਾਰ ਵਿੱਚ ਸਵਾਰ ਗੁਰਨਾਮ ਸਿੰਘ, ਲਖਬੀਰ ਸਿੰਘ ਅਤੇ ਰੁਪਿੰਦਰ ਕੌਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮਾਹਿਲਪੁਰ ਪੁਲੀਸ ਅਨੁਸਾਰ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।