ਪੱਤਰ ਪ੍ਰੇਰਕ
ਫਗਵਾੜਾ, 9 ਅਕਤੂਬਰ
ਇਥੋਂ ਦੇ ਮੁਹੱਲਾ ਉਕਾਰ ਨਗਰ ਵਿੱਚ ਦਸਹਿਰੇ ਦੇ ਮੌਕੇ ਧੜੇਬੰਦੀ ਕਾਰਨ ਪੈਦਾ ਹੋਈ ਅਜੀਬ ਸਥਿਤੀ ਦੌਰਾਨ ਪੁਲੀਸ ਨੇ ਇੱਕ ਧਿਰ ਨੂੰ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਸਾੜਨ ਨਹੀਂ ਦਿੱਤੇ ਸਨ ਜਿਸ ਕਾਰਨ ਸਥਿਤੀ ਤਣਾਅਪੂਰਵਕ ਬਣੀ ਹੋਈ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇੱਕ ਕਮੇਟੀ ਗਠਿਤ ਕਰਨ ਤੋਂ ਬਾਅਦ ਅੱਜ ਪ੍ਰਸ਼ਾਸਨ ਨੇ ਪੁਤਲਿਆਂ ਨੂੰ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕਰਵਾ ਦਿੱਤਾ ਹੈ। ਐੱਸ.ਡੀ.ਐੱਮ ਲਾਲ ਵਿਸ਼ਵਾਸ ਦੀ ਅਗਵਾਈ ਹੇਠ ਗਠਿਤ ਕੀਤੀ ਕਮੇਟੀ ਵਿੱਚ ਤਹਿਸੀਲਦਾਰ ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ, ਐੱਸ.ਐੱਚ.ਓ. ਸਿਟੀ ਅਮਨਦੀਪ ਨਾਹਰ ’ਤੇ ਆਧਾਰਤ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਵਿੱਚ ਇਹ ਫ਼ੈਸਲਾ ਕੀਤਾ ਗਿਆ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਬੁੱਤ ਚੁਕਵਾਉਣ ਮੌਕੇ ਐੱਸ.ਡੀ.ਐੱਮ, ਐੱਸ.ਪੀ, ਡੀ.ਐੱਸ.ਪੀ. ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ ਜਿਨ੍ਹਾਂ ਨੇ ਇਨ੍ਹਾਂ ਨੂੰ ਜਲਪ੍ਰਵਾਹ ਕਰਨ ਲਈ ਭੇਜ ਦਿੱਤਾ ਹੈ। ਜਿਸ ਨਾਲ ਸਥਿਤੀ ਹੁਣ ਤਣਾਅਪੂਰਨ ਬਣ ਗਈ ਹੈ ਕਿਉਂਕਿ ਜਿਸ ਸੰਸਥਾ ਵੱਲੋਂ ਇਹ ਬੁੱਤ ਬਣਵਾਏ ਗਏ ਸਨ ਇਸ ਦੇ ਅੰਗ ਅਜੇ ਉਨ੍ਹਾਂ ਪਾਸ ਹੀ ਪਏ ਹਨ। ਪ੍ਰਸ਼ਾਸਨ ਨੇ ਬਿਨਾਂ ਅੰਗਾ ਤੋਂ ਇਨ੍ਹਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਹੈ। ਇਸ ਸਬੰਧ ਵਿੱਚ ਹਿੰਦੂ ਜਥੇਬੰਦੀਆਂ ਦੇ ਆਗੂ ਹਨੂੰਮਾਨਗੜ੍ਹੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਮਿੱਤਲ ਨੇ ਅੱਜ ਪ੍ਰਸ਼ਾਸਨ ਵੱਲੋਂ ਬੁੱਤਾਂ ਨੂੰ ਦਰਿਆ ਵਿੱਚ ਤਾਰਨ ਦੇ ਮਾਮਲੇ ਦੀ ਤਿੱਖੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਉਹ ਕਾਨੂੰਨੀ ਲੜਾਈ ਲੜਨਗੇ ਅਤੇ ਹਾਈ ਕੋਰਟ ਜਾਣਗੇ। ਸੀਨੀਅਰ ਪੰਡਤ ਕੁੰਦਨ ਲਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੀਤਾ ਇਹ ਕੰਮ ਬਹੁਤ ਗਲਤ ਹੈ।