ਪੱਤਰ ਪ੍ਰੇਰਕ
ਹੁਸ਼ਿਆਰਪੁਰ, 15 ਸਤੰਬਰ
ਅੱਜ ਤੜਕੇ ਭਰਵਾਈਂ ਸੜਕ ’ਤੇ ਇਕ ਬਰੋਜਾ ਫ਼ੈਕਟਰੀ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ। ਸਾਮਾਨ ਦੇ ਨਾਲ-ਨਾਲ ਇਕ ਮਹਿੰਦਰਾ ਗੱਡੀ ਵੀ ਸੜ ਗਈ। ਫ਼ੈਕਟਰੀ ਮਾਲਕ ਸੁਭਾਸ਼ ਮਹੇਸ਼ਵਰੀ ਨੇ ਦੱਸਿਆ ਕਿ ਉਨ੍ਹਾਂ ਦੀ ਫ਼ੈਕਟਰੀ ਮਹੇਸ਼ਵਰੀ ਰੋਜ਼ਨ ’ਚ ਤੜਕੇ 3 ਵਜੇ ਅੱਗ ਦੀਆਂ ਲਪਟਾਂ ਦੇਖ ਕੇ ਨਾਲ ਵਾਲੀ ਫ਼ੈਕਟਰੀ ਦੇ ਇਕ ਮੁਲਾਜ਼ਮ ਨੇ ਉਨ੍ਹਾਂ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕਾਫੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਮਹੇਸ਼ਵਰੀ ਨੇ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਿਰਾਏ ’ਤੇ ਸਾਮਾਨ ਦੀ ਡਲਿਵਰੀ ਵਾਸਤੇ ਲਿਆਂਦੀ ਮਹਿੰਦਰਾ ਗੱਡੀ ਜੋ ਸਾਮਾਨ ਨਾਲ ਭਰੀ ਹੋਈ ਸੀ, ਵੀ ਅੱਗ ਦੀ ਭੇਟ ਚੜ੍ਹ ਗਈ। ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅੱਗ ਲੱਗਣ ਕਾਰਨ ਨੁਕਸਾਨ ਦਾ ਅਨੁਮਾਨ 50-60 ਲੱਖ ਰੁਪਏ ਲਾਇਆ ਜਾ ਰਿਹਾ ਹੈ।